ਸਿਮਰਨਜੀਤ ਸਿੰਘ ਬੈਂਸ ਖਿਲਾਫ ਪਟਵਾਰ ਯੂਨੀਅਨ ਸਖਤ, ਮੁੱਖ ਮੰਤਰੀ ਨੂੰ ਭੇਜਿਆ ਸ਼ਿਕਾਇਤ ਪੱਤਰ

10/17/2017 5:55:46 PM

ਨਵਾਂਸ਼ਹਿਰ (ਤ੍ਰਿਪਾਠੀ) : 'ਦੀ ਰੈਵਿਨਿਊ ਪਟਵਾਰ ਯੂਨੀਅਨ' ਨੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵਲੋਂ ਪਟਵਾਰ ਖਾਨੇ 'ਚ ਜਾ ਕੇ ਇਕ ਪਟਵਾਰੀ ਨੂੰ ਧਮਕਾਉਣ ਅਤੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਦੇ ਵਿਰੋਧ 'ਚ ਮੰਗਲਵਾਰ ਨੂੰ ਜ਼ਿਲਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਦੀ ਮਾਰਫਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਪੱਤਰ ਭੇਜਿਆ। ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੂੰ ਦਿੱਤੇ ਸ਼ਿਕਾਇਤ ਪੱਤਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਜਾਡਲੀ ਨੇ ਦੱਸਿਆ ਕਿ ਉਕਤ ਵਿਧਾਇਕ ਨੇ ਪਟਵਾਰ ਖਾਨੇ ਜਾ ਕੇ ਨਾ ਕੇਵਲ ਪਟਵਾਰੀ ਨੂੰ ਧਮਕਾਇਆ ਸਗੋਂ ਭੱਦੀ ਭਾਸ਼ਾ ਦੀ ਵਰਤੋਂ ਵੀ ਕੀਤੀ। ਜਿਸਦੀ ਉਨ੍ਹਾਂ ਦੀ ਯੂਨੀਅਨ ਪੂਰੀ ਤਰ੍ਹਾਂ ਨਿੰਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਉਕਤ ਵਿਧਾਇਕ ਦਾ ਉਕਤ ਸਾਰੇ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਮੰਤਵ ਸਿਰਫ ਸਿਆਸੀ  ਸੁਰਖੀਆਂ ਬਟੋਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਲੋਕਾਂ ਨੂੰ ਭੜਕਾਉਣ ਵਾਲਾ ਹੈ ਅਤੇ ਉਨÎ੍ਹਾਂ ਦੀ ਯੂਨੀਅਨ ਇਸਦੀ ਸਖ਼ਤ ਨਿੰਦਾ ਕਰਦੀ ਹੈ। ਜਾਡਲੀ ਨੇ ਦੱਸਿਆ ਕਿ ਇਸ ਸੰਬੰਧ 'ਚ ਯੂਨੀਅਨ ਨੇ ਇਕ ਮਤਾ ਪਾਸ ਕਰਕੇ ਬੈਂਸ ਵਿਧਾਇਕ ਦੀ ਨਿੰਦਾ ਕੀਤੀ ਹੈ। ਇਸ ਮੌਕੇ ਰਵਿੰਦਰ ਸਿੰਘ ਘੁੰਮਣ, ਰਜਿੰਦਰ ਸਿੰਘ, ਦੇਸਰਾਜ, ਕੁਲਦੀਪ ਰੱਕੜ, ਚਰਨਜੀਤ ਸਿੰਘ ਅਤੇ ਰਾਮਪਾਲ ਆਦਿ ਹਾਜ਼ਰ ਸਨ।


Related News