ਮੋਦੀ ਦੇ ਭਾਸ਼ਣ ''ਚ ਸਿੱਖਾਂ ਦੀਆਂ ਕੁਰਬਾਨੀਆਂ ਮਨਫੀ ਹੋਣ ''ਤੇ ਸਿੱਖ ਹੋਏ ਲਾਲ-ਪੀਲੇ

08/13/2017 8:38:07 AM

ਲੁਧਿਆਣਾ  (ਮੁੱਲਾਂਪੁਰੀ) - ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਦੇ ਤਹਿਤ ਦਿੱਲੀ ਵਿਚ ਕਰਵਾਏ ਗਏ ਸਮਾਗਮ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਆਜ਼ਾਦੀ ਵਿਚ 90 ਫੀਸਦੀ ਤੋਂ ਵੱਧ ਹਿੱਸਾ ਪਾਉਣ ਤੇ ਕਾਲ ਕੋਠੜੀਆਂ, ਕਾਲੇ ਪਾਣੀ ਜਾਣ ਵਾਲੇ ਸਿੱਖ ਪੰਜਾਬੀਆਂ ਨੂੰ ਆਪਣੇ ਭਾਸ਼ਣ ਵਿਚ ਸ਼ਾਮਲ ਨਾ ਕਰ ਕੇ ਅਣਗੌਲਿਆਂ ਕੀਤਾ ਹੈ, ਇਹ ਬਹੁਤ ਮੰਦਭਾਗਾ ਹੈ। ਇਹ ਸ਼ਬਦ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਇਸੇ ਦੌਰਾਨ ਬਾਦਲ ਦੇ ਸਾਬਕਾ ਸਲਾਹਕਾਰ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਤੇ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਪੰਜਾਬੀਆਂ ਤੇ ਬਹਾਦਰ ਸਿੱਖਾਂ ਨੂੰ ਨਜ਼ਰਅੰਦਾਜ਼ ਕਰਨਾ ਦੇਸ਼ ਦੇ ਹਿੱਤ ਵਿਚ ਨਹੀਂ ਅਤੇ ਇਹ ਬਹੁਤ ਵੱਡੀ ਬੇਇਨਸਾਫੀ ਹੈ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਆਪਣੇ ਭਾਸ਼ਣ ਵਿਚ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਦਾ ਜ਼ਿਕਰ ਨਾ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਤੇ ਕਿਹਾ ਕਿ ਉਹ ਦੇਸ਼ ਦਾ ਭਗਵਾਕਰਨ ਕਰ ਕੇ ਘੱਟ ਗਿਣਤੀਆਂ ਦੀ ਹੋਂਦ ਨੂੰ ਵੱਖ-ਵੱਖ ਥਾਵਾਂ ਤੋਂ ਡਲੀਟ ਕਰ ਰਹੇ ਹਨ।
ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਸਿੱਖ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਕਾਰਵਾਈ ਨੂੰ ਘੋਰ ਅਨਿਆਂ ਦੱਸਿਆ। ਸਾਬਕਾ ਚੇਅਰਮੈਨ ਬਾਬਾ ਅਜੀਤ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਮੁੱਖ ਹੀਰੋ ਪੰਜਾਬੀ ਤੇ ਸਿੱਖ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਨਜ਼ਰਅੰਦਾਜ਼ ਕੀਤਾ ਹੈ।
ਇਸ ਦੌਰਾਨ ਸਾਬਕਾ ਐੱਮ. ਪੀ. ਬੀਬੀ ਰਜਿੰਦਰ ਕੌਰ ਬੁਲਾਰਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਅਤੇ ਕਾਂਗਰਸੀ ਆਗੂ ਕਿਰਪਾਲ ਸਿੰਘ ਸੰਧੂ ਤੇ ਹੋਰਨਾਂ ਨੇ ਸ਼੍ਰੀ ਮੋਦੀ ਵੱਲੋਂ ਪੰਜਾਬੀਆਂ ਤੇ ਸਿੱਖਾਂ ਨੂੰ ਆਪਣੇ ਭਾਸ਼ਣ 'ਚੋਂ ਨਜ਼ਰਅੰਦਾਜ਼ ਕਰਨ ਤੇ ਨਾਂ ਤੱਕ ਵੀ ਨਾ ਲੈਣ ਦੀ ਕਾਰਵਾਈ ਨੂੰ ਸ਼ਹੀਦਾਂ ਦਾ ਅਪਮਾਨ ਤੇ ਬੇਇਨਸਾਫੀ ਦੱਸਿਆ ਹੈ।


Related News