ਪਾਕਿਸਤਾਨ ਜਾਂ ਚੀਨ ਭਾਰਤ ਨਾਲ ਜੰਗ ਲੜੇਗਾ ਤਾਂ ਸਿੱਖ ਬਿਲਕੁਲ ਵੀ ਸਾਥ ਨਹੀਂ ਦੇਣਗੇ

08/17/2017 6:56:42 AM

ਈਸੜੂ/ਖੰਨਾ  (ਬੈਨੀਪਾਲ/ਕਮਲ/ਬਿਪਨ) - ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਸ਼ਹੀਦੀ ਕਾਨਫਰੰਸ ਮੌਕੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 'ਆਪ', ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਮੌਕਾਪ੍ਰਸਤ ਤੇ ਮਤਲਬਪ੍ਰਸਤ ਹਨ, ਜਿਨ੍ਹਾਂ ਨੂੰ ਪੰਥ ਤੇ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਅੱਜ ਦਾ ਦਿਨ ਸਿੱਖ ਕੌਮ ਲਈ ਬੇਇਨਸਾਫ਼ੀ, ਜ਼ਲਾਲਤ ਤੇ ਗੁਲਾਮੀ ਵਾਲਾ ਹੈ ਇਸ ਵਰਤਾਰੇ ਨੂੰ 70 ਸਾਲ ਬੀਤ ਗਏ ਹਨ। ਉਨ੍ਹਾਂ ਕਿਹਾ ਸਿੱਖ ਇਕ ਵੱਖਰੀ ਕੌਮ ਹੈ ਤੇ ਖਾਲਿਸਤਾਨ ਸਾਡਾ ਸੰਵਿਧਾਨਕ ਹੱਕ ਹੈ, ਜੋ ਅਸੀਂ ਲੈ ਕੇ ਰਹਾਂਗੇ। ਉਨ੍ਹਾਂ ਦੱਸਿਆ ਕਿ 1947 'ਚ ਦੇਸ਼ ਦੀ ਵੰਡ ਸਮੇਂ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਤੋਂ ਉਹ ਸ਼ਰ੍ਹੇਆਮ ਮੁੱਕਰ ਗਏ। ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ 'ਤੇ ਘੋਰ ਤਸ਼ੱਦਦ ਕੀਤਾ ਜਾ ਰਿਹਾ ਹੈ।   ਉਨ੍ਹਾਂ ਕਿਹਾ ਕਿ 1984 'ਚ ਅਕਾਲ ਤਖਤ ਸਾਹਿਬ 'ਤੇ ਭਾਰਤੀ ਹਕੂਮਤ ਵੱਲੋਂ ਹਮਲਾ ਕਰ ਕੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ, ਹਿੰਦੋਸਤਾਨ ਦੀ ਫੌਜ ਵੱਲੋਂ ਸਾਡੀਆਂ ਬੀਬੀਆਂ, ਭੈਣਾਂ ਦੀ ਬੇਪੱਤੀ ਕੀਤੀ ਗਈ, ਇਸ ਤਰ੍ਹਾਂ ਹੀ ਦਿੱਲੀ 'ਚ ਸਿੱਖਾਂ ਦੇ ਘਰਾਂ 'ਤੇ ਹਮਲੇ ਕੀਤੇ ਗਏ ਅਤੇ ਗਲਾਂ 'ਚ ਟਾਇਰ ਪਾ ਕੇ ਅੱਗਾਂ ਲਗਾ ਕੇ ਸਾੜਿਆ ਗਿਆ ਪਰ ਅਜੇ ਤੱਕ ਸਿੱਖਾਂ ਨੂੰ ਨਾ ਹੀ ਪਾਰਲੀਮੈਂਟ ਤੇ ਨਾ ਹੀ ਮਾਣਯੋਗ ਸੁਪਰੀਮ ਕੋਰਟ ਨੇ ਇਨਸਾਫ਼ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਜਾਂ ਚੀਨ ਭਾਰਤ ਨਾਲ ਜੰਗ ਲੜੇਗਾ ਤਾਂ ਸਿੱਖ ਬਿਲਕੁਲ ਵੀ ਸਾਥ ਨਹੀਂ ਦੇਣਗੇ।  ਉਨ੍ਹਾਂ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਵਪਾਰੀਆਂ 'ਤੇ ਜੀ.ਐੱਸ.ਟੀ. ਲਗਾ ਕੇ ਉਨ੍ਹਾਂ ਦੇ ਵਪਾਰ ਤਬਾਹ ਕਰ ਦਿੱਤੇ ਹਨ।
ਇਸ ਮੌਕੇ ਕੌਮੀ ਜਨਰਲ ਸਕੱਤਰ ਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ, ਬਲਜਿੰਦਰ ਸਿੰਘ ਪਾਂਗਲੀਆਂ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਧਰਮ ਸਿੰਘ ਨੰਦਪੁਰ ਕਲੌੜ ਨੇ ਬਾਖੂਬੀ ਨਾਲ ਨਿਭਾਈ।  ਇਸ ਸਮੇਂ ਜਥੇਦਾਰ ਜਸਵੰਤ ਸਿੰਘ ਚੀਮਾ, ਜਥੇਦਾਰ ਦੀਦਾਰ ਸਿੰਘ ਰਾਣੋਂ, ਗੁਰਜੰਟ ਸਿੰਘ ਪੀ. ਏ., ਵਰਿੰਦਰ ਸਿੰਘ ਸੇਖੋਂ, ਵੀਰਦਵਿੰਦਰ ਸਿੰਘ ਭੰਗੂ, ਹਰਪ੍ਰੀਤ ਸਿੰਘ ਮੰਡੇਰ, ਕੁਲਵੰਤ ਸਿੰਘ ਲੁਧਿਆਣਾ, ਸੁਰਜੀਤ ਸਿੰਘ ਹੋਲ, ਜਿੰਦਰ ਸਿੰਘ ਖਾਲਸਾ ਇਕੋਲਾਹੀ, ਜਗਤਾਰ ਸਿੰਘ ਖਾਲਸਾ, ਰਾਜਪਾਲ ਸਿੰਘ ਭਿੰਡਰ, ਪਰਮਜੀਤ ਸਿੰਘ ਘੁਡਾਣੀ, ਨਿਰਮਲ ਸਿੰਘ ਰੋਹਣੋ ਸਮੇਤ ਭਾਰੀ ਗਿਣਤੀ 'ਚ ਵਰਕਰ ਹਾਜ਼ਰ ਸਨ।  


Related News