ਸਿੱਖੀ ਸਿਧਾਂਤ ਦੀਆਂ ਪੈਰੋਕਾਰ ਬਣਨ ਸਿੱਖ ਬੀਬੀਆਂ : ਬੀਬੀ ਜਗੀਰ ਕੌਰ

01/17/2018 11:09:48 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਮਹਾਨ ਯੋਧਾ ਤੇ ਮਹਿਲਾ ਸਿੱਖ ਜਰਨੈਲ ਮਾਈ ਭਾਗੋ ਜੀ ਦੇ ਵਾਰਿਸ ਅਖਵਾਉਣ ਲਈ ਸਿੱਖ ਬੀਬੀਆਂ ਸਿੱਖੀ ਸਿਧਾਂਤ ਦੀਆਂ ਪੈਰੋਕਾਰ ਬਣਨ। ਇਹ ਪ੍ਰਗਟਾਵਾ ਵਿਰਾਸਤ-ਏ-ਖਾਲਸਾ ਸਮਾਗਮ ਦੇ ਕੋਆਰਡੀਨੇਟਰ ਅਰਵਿੰਦਰਪਾਲ ਸਿੰਘ ਰਾਜੂ ਝਬਾਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ, ਅਕਾਲੀ ਆਗੂ ਗੁਰਿੰਦਰ ਸਿੰਘ ਬਾਬਾ ਲੰਗਾਹ ਤੇ ਸਮੁੱਚੀ ਪ੍ਰਬੰਧਕ ਕਮੇਟੀ ਗੁਰਦੁਆਰਾ ਮਾਈ ਭਾਗੋ ਜੀ ਦੀ ਅਗਵਾਈ 'ਚ ਗੁਰਦੁਆਰਾ ਜਨਮ ਅਸਥਾਨ ਮਾਈ ਭਾਗੋ ਜੀ ਵਿਖੇ ਕਰਵਾਏ ਗਏ ਵਿਰਾਸਤ-ਏ-ਖਾਲਸਾ ਸਮਾਗਮ ਦੌਰਾਨ 'ਟੁੱਟੀ ਗੰਢਣਹਾਰ ਦਿਵਸ' ਮੌਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਬੀਬੀ ਜਗੀਰ ਕੌਰ ਨੇ ਕੀਤਾ। 
ਬੀਬੀ ਜਗੀਰ ਕੌਰ ਨੇ ਕਿਹਾ ਕਿ ਮਾਈ ਭਾਗੋ ਜੀ ਸਿੱਖਾਂ ਦੀ ਗੁਰੂ ਨਾਲੋਂ ਟੁੱਟੀ ਗੰਢਣ ਲਈ ਪ੍ਰੇਰਣਾ ਸ੍ਰੋਤ ਹੀ ਨਹੀਂ ਬਣੀ, ਸਗੋਂ ਉਨ੍ਹਾਂ ਨੇ ਭਾਈ ਮਹਾ ਸਿੰਘ ਸਮੇਤ ਉਨ੍ਹਾਂ ਦੇ 40 ਸਾਥੀ ਸਿੰਘਾਂ ਵੱਲੋਂ ਲਿਖੇ ਗਏੇ ਬੇਦਾਵੇ ਨੂੰ ਦਸਮੇਸ਼ ਪਿਤਾ ਦੇ ਹੱਥੋਂ ਪੜਵਾ ਕੇ ਗੁਰੂ ਤੋਂ ਬੇਮੁੱਖ ਹੋਣ ਤੋਂ ਮੁਕਤ ਕਰਵਾ ਕੇ ਗੁਰੂ ਨਾਲ ਟੁੱਟੀ ਗੰਢਵਾ ਕੇ ਨਵਾਂ ਕੀਰਤੀਮਾਨ ਸਿੱਖ ਕੌਮ 'ਚ ਸਥਾਪਤ ਕੀਤਾ, ਜਦਕਿ ਉਨ੍ਹਾਂ ਨੇ ਜੰਗ ਦੇ ਮੈਦਾਨ 'ਚ ਇਕ ਜੁਝਾਰੂ ਸਿਪਾਹੀ ਵਾਂਗ ਦੁਸ਼ਮਣ ਫੌਜਾਂ ਨਾਲ ਯੁੱਧ ਵੀ ਕੀਤਾ। ਮਾਈ ਭਾਗੋ ਜੀ ਨੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਵੀ ਆਪਣੀ ਅਹਿਮ ਸੇਵਾ ਨਿਭਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਵੀ ਬੀਬੀਆਂ ਨੂੰ ਸਿੱਖੀ ਸਿਧਾਂਤ ਵੱਲ ਮੁੜ ਕੇ ਆਪਣੇ ਪਰਿਵਾਰਾਂ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦੀ ਸੰਚਾਲਕ ਡਾ. ਇੰਦਰਜੀਤ ਕੌਰ ਵੱਲੋਂ ਕੁੜੀਆਂ ਨੂੰ ਸਵੈਮਾਨੀ ਅਤੇ ਤਾਕਤਵਰ ਬਣਨ ਲਈ ਉਤਸ਼ਾਹਿਤ ਕਰਦਿਆਂ ਸਿੱਖ ਕੌਮ ਦਾ ਮਾਰਸ਼ਲ ਆਰਟ ਗੱਤਕੇ ਨੂੰ ਸ਼੍ਰੋਮਣੀ ਕਮੇਟੀ ਸਮੇਤ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ 'ਚ ਲਾਜ਼ਮੀ ਕਰਨ ਦੀ ਮੰਗ ਵੀ ਰੱਖੀ ਗਈ। 
ਐੱਸ. ਜੀ. ਪੀ. ਸੀ. ਮੈਂਬਰ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ ਨੇ ਸਿੱਖ ਕੌਮ ਨੂੰ ਵੰਡਣ ਲਈ ਹੋ ਰਹੇ ਗੈਰ ਇਖਲਾਕੀ ਹਮਲਿਆਂ ਤੋਂ ਸੁਚੇਤ ਰਹਿਣ ਲਈ ਸੁਚੇਤ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਜ਼ਰਾ-ਜ਼ਰਾ ਭਰਿਆ ਪਿਆ ਹੈ, ਜਿਸ ਤੋਂ ਹਰ ਸਿੱਖ ਨੂੰ ਸੇਧ ਲੈਣੀ ਚਾਹੀਦੀ ਹੈ। ਬਾਬਾ ਬਿਧੀ ਚੰਦ ਸੰਪ੍ਰਦਾਇ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਵੀ ਕਰਵਾਏ ਗਏ ਇਸ ਸਮਾਗਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਿੱਖੀ ਦੇ ਕਿਰਦਾਰ, ਨਿਸ਼ਚੇ ਅਤੇ ਜਜ਼ਬੇ ਨੂੰ ਸਿੱਖੀ ਦਾ ਧੁਰਾ ਬਣਾਉਣ ਦੀ ਬੇਹੱਦ ਜ਼ਰੂਰੀ ਲੋੜ ਹੈ।
ਇਸ ਸਮੇਂ ਬਾਬਾ ਨਿਰਮਲ ਸਿੰਘ ਢਾਲਾ, ਮੈਨੇਜਰ ਭਾਈ ਜਸਪਾਲ ਸਿੰਘ ਢੱਡੇ, ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਰਾਜੂ ਝਬਾਲ, ਫਤਿਹ ਚੈਨਲ ਦੀ ਪ੍ਰਬੰਧਕ ਬੀਬੀ ਅਰਵਿੰਦਰ ਕੌਰ, ਗੁਰਿੰਦਰ ਸਿੰਘ ਬਾਬਾ ਲੰਗਾਹ, ਬਲਜੀਤ ਸਿੰਘ ਬੱਲੂ, ਬਾਬਾ ਵਰਿਆਮ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਕਮੇਟੀ, ਰਛਪਾਲ ਸਿੰਘ ਲਹਿਰੀ, ਗੁਰਨਾਮ ਸਿੰਘ, ਮਨਜਿੰਦਰ ਸਿੰਘ ਲਹਿਰੀ, ਭਾਈ ਮਨਜੀਤ ਸਿੰਘ ਝਬਾਲ ਪ੍ਰਧਾਨ ਸਤਿਕਾਰ ਕਮੇਟੀ ਤੇ ਗੁਰਪਿੰਦਰ ਸਿੰਘ ਨਾਥੂ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ।


Related News