ਡਰੱਗ ਮਾਮਲੇ ''ਚ ਸਿੱਧੂ ਪਾ ਰਿਹਾ ਹੈ ਟ੍ਰਾਇਲ ਲਈ ਕੈਪਟਨ ''ਤੇ ਦਬਾਅ : ਮਜੀਠੀਆ

11/18/2017 9:45:23 PM

ਕਪੂਰਥਲਾ (ਪ੍ਰਵੀਨ)-ਸਾਬਕਾ ਅਕਾਲੀ-ਭਾਜਪਾ ਸਰਕਾਰ 'ਚ ਕੈਬਨਿਟ ਮੰਤਰੀ ਰਹੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਕਰੋੜਾਂ ਦੇ ਡਰੱਗ ਸਕੈਮ 'ਤੇ ਕਿਹਾ ਕਿ ਪੰਜਾਬ, ਹਰਿਆਣਾ ਹਾਈਕੋਰਟ ਤੋਂ ਉਨ੍ਹਾਂ ਨੂੰ ਕਲੀਨ ਚਿਟ ਮਿਲੀ ਹੋਈ ਹੈ। ਮਜੀਠੀਆ ਨੇ ਕਿਹਾ ਕਿ ਕੋਰਟ ਤੋਂ ਕਲੀਨ ਚਿਟ ਮਿਲਣ ਦੇ ਬਾਵਜੂਦ ਮੌਜੂਦਾ ਕਾਂਗਰਸ ਸਰਕਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਾਣਬੁੱਝ ਕੇ ਸਿਆਸੀ ਈਰਖਾ ਦੀ ਭਾਵਨਾ ਨਾਲ ਇਸ ਡਰੱਗ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਟ੍ਰਾਇਲ ਲਈ ਦਬਾਅ ਬਣਾ ਰਹੇ ਹਨ। 
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ 12ਵੇਂ ਸਾਲਾਨਾ ਇਨਾਮ ਵੰਡ ਸਮਾਰੋਹ 'ਚ ਆਏ ਮਜੀਠੀਆ ਕੋਲੋਂ ਸਮਾਰੋਹ ਉਪਰੰਤ ਗੱਲਬਾਤ ਦੌਰਾਨ ਜਦੋਂ ਪੁੱਛਿਆ ਗਿਆ ਕਿ ਕਾਂਗਰਸ ਸਣੇ ਵਿਰੋਧੀ ਦਲ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੋਲ ਇਸ ਬਹੁ-ਕਰੋੜੀ ਡਰੱਗ ਸਕੈਮ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੈਪਟਨ ਦਾ ਰੁਖ਼ ਇਸ ਪ੍ਰਤੀ ਇੰਨਾ ਢਿੱਲਾ ਕਿਉਂ ਹੈ ਤਾਂ ਮਜੀਠੀਆ ਨੇ ਭੜਕਦਿਆਂ ਕਿਹਾ ਕਿ ਇਹ ਸਵਾਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਰੋ। 
ਦੱਸਣਯੋਗ ਹੈ ਕਿ ਇਸ ਦੌਰਾਨ ਮਜੀਠੀਆ 'ਆਪ' ਆਗੂ ਵਿਧਾਇਕ ਸੁਖਪਾਲ ਖਹਿਰਾ ਤੇ 'ਆਪ' ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 'ਤੇ ਵੀ ਜੰਮ ਕੇ ਵਰ੍ਹੇ। ਇਸ ਮੌਕੇ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਮੈਂਬਰ ਗੁਰਪ੍ਰੀਤ ਕੌਰ, ਸੁਖਦੇਵ ਸਿੰਘ ਨਾਨਕਪੁਰ, ਬਿਕਰਮ ਉੱਚਾ, ਦਰਬਾਰਾ ਸਿੰਘ ਵਿਰਦੀ, ਮਾ. ਗੁਰਦੇਵ ਸਿੰਘ ਸਣੇ ਕਈ ਅਕਾਲੀ ਆਗੂ ਮੌਜੂਦ ਸਨ।


Related News