ਪਿਛਲੀ ਸਰਕਾਰ ਨੇ ਗ੍ਰਾਂਟਾਂ ਵੰਡਣ ਸਮੇਂ ਕੀਤਾ ਸੀ ਪੱਖਪਾਤ : ਸਿੱਧੂ

10/18/2017 7:30:35 AM

ਚੰਡੀਗੜ੍ਹ (ਭੁੱਲਰ) - ਰਾਜ ਭਰ 'ਚੋਂ ਪਹੁੰਚੇ ਵੱਖ-ਵੱਖ ਖੇਤਰਾਂ ਦੇ ਆਗੂਆਂ ਨੂੰ 37 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਚਲ ਰਹੇ ਵਿਕਾਸ ਕੰਮਾਂ ਨੂੰ ਮੁਕੰਮਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ 58 ਕਰੋੜ ਰੁਪਏ ਦੇ ਚੈੱਕ ਸੌਂਪੇ ਗਏ। ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ 211 ਕਰੋੜ ਰੁਪਏ ਦੀ ਰਾਸ਼ੀ ਰਿਲੀਜ਼ ਕੀਤੀ ਗਈ ਹੈ ਅਤੇ ਇਸ ਦੀ ਅੱਜ ਸ਼ੁਰੂਆਤ ਹੋਈ ਹੈ। ਬਾਕੀ ਰਾਸ਼ੀ ਵੀ ਅਗਲੇ ਦਿਨਾਂ 'ਚ ਵੰਡ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਨਗਰ ਕੌਂਸਲਾਂ ਨੂੰ ਗ੍ਰਾਂਟ ਦੇਣ ਸਮੇਂ ਭਾਰੀ ਪੱਖਪਾਤ ਕੀਤਾ ਗਿਆ ਅਤੇ ਹੁਣ ਇਹ ਪੱਖਪਾਤ ਦੂਰ ਕਰਦਿਆਂ ਸਮੂਹ ਨਗਰ ਸੰਸਥਾਵਾਂ ਨੂੰ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਲ ਸਪਲਾਈ ਅਤੇ ਸੀਵਰੇਜ ਸਿਸਟਮ ਨੂੰ 100 ਫੀਸਦੀ ਮੁਕੰਮਲ ਕਰਨ ਲਈ 1540 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀ. ਆਈ. ਡੀ. ਬੀ. ਰਾਹੀਂ ਵੀ 34.91 ਕਰੋੜ ਰੁਪਏ ਦੀ ਵਾਧੂ ਗ੍ਰਾਂਟ ਸ਼ਹਿਰੀ ਕੰਮਾਂ ਲਈ ਰਿਲੀਜ਼ ਕੀਤੀ ਜਾਵੇਗੀ।  
ਨਵਜੋਤ ਸਿੱਧੂ ਨੇ ਕਿਹਾ ਕਿ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੂੰ ਅੱਜ ਗ੍ਰਾਂਟ ਦੇ ਕੇ ਦੀਵਾਲੀ ਤੋਹਫਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੇ ਅੰਮ੍ਰਿਤਸਰ ਲਈ 137 ਅਤੇ 125 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ ਅਤੇ ਜਲੰਧਰ ਲਈ ਵੱਖਰੀ ਗ੍ਰਾਂਟ ਦਾ ਐਲਾਨ ਅਗਲੇ ਦਿਨਾਂ 'ਚ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਮੁੱਖ ਮੰਤਰੀ ਦੇ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਤੋਂ ਇਲਾਵਾ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਵੱਡੀ ਗਿਣਤੀ 'ਚ ਮੌਜੂਦ ਸਨ।
ਇਨ੍ਹਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੂੰ ਦਿੱਤੇ ਗਏ ਚੈੱਕ
ਮੁੱਖ ਮੰਤਰੀ ਵਲੋਂ ਅੱਜ ਜਿਨ੍ਹਾਂ 37 ਨਗਰ ਕੌਂਸਲਾਂ ਨੂੰ ਚੈੱਕ ਦਿੱਤੇ ਗਏ, ਉਨ੍ਹਾਂ 'ਚ ਬਾਘਾ ਪੁਰਾਣਾ, ਸਾਹਨੇਵਾਲ, ਬਲਾਚੌਰ, ਮਾਛੀਵਾੜਾ, ਤਲਵੰਡੀ ਸਾਬੋ, ਤਲਵਾੜਾ, ਰਾਏਕੋਟ, ਹੰਡਿਆਇਆ, ਭਿੱਖੀ, ਸ਼ਾਹਕੋਟ, ਮੁੱਲਾਂਪੁਰ ਦਾਖਾ, ਗੁਰਾਇਆ, ਰਾਜਾਸਾਂਸੀ, ਖਨੌਰੀ, ਚੀਮਾ, ਭੋਗਪੁਰ, ਦੜਿਵਾ, ਬਰੀਵਾਲਾ, ਮੂਨਕ, ਮੱਖੂ, ਮੱਲਾਂਵਾਲਾ ਖਾਸ, ਘੱਗਾ, ਅਮਲੋਹ, ਧਰਮਕੋਟ, ਮਾਹਿਲਪੁਰ, ਖੇਮਕਰਨ, ਢਿੱਲਵਾਂ, ਭੁਲੱਥ, ਬੇਗੋਵਾਲ, ਭਗਤਾਭਾਈ ਦਾ, ਬਿਲਗਾ, ਫਤਿਹਗੜ੍ਹ, ਪੰਜਤੂਰ, ਮਲੌਦ, ਘਨੌਰ, ਭਾਦਸੋਂ, ਨਰੋਟ ਜੈਮਲ ਸਿੰਘ ਅਤੇ ਕੀਰਤਪੁਰ ਸਾਹਿਬ ਸ਼ਾਮਲ ਹਨ।


Related News