ਸ਼੍ਰੀ ਨੈਣਾ ਦੇਵੀ ਸਾਉਣ ਅਸ਼ਟਮੀ ਮੇਲਾ ਅੱਜ ਤੋਂ

07/24/2017 8:05:35 AM

ਸ਼੍ਰੀ ਨੈਣਾ ਦੇਵੀ/ਸ੍ਰੀ ਆਨੰਦਪੁਰ ਸਾਹਿਬ (ਸ਼ਮਸ਼ੇਰ) - ਮਾਤਾ ਸ਼੍ਰੀ ਨੈਣਾ ਦੇਵੀ ਵਿਖੇ ਸਾਉਣ ਦੇ ਅਸ਼ਟਮੀ ਨਰਾਤਿਆਂ ਦੇ ਸਬੰਧ 'ਚ ਭਰਨ ਵਾਲਾ ਮੇਲਾ 24 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। 3 ਅਗਸਤ ਤੱਕ ਨਿਰੰਤਰ ਜਾਰੀ ਰਹਿਣ ਵਾਲੇ ਇਸ ਮੇਲੇ 'ਚ ਸ਼ਮੂਲੀਅਤ ਲਈ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਹਨ। ਸੰਗਤਾਂ ਦੀ ਸਹੂਲਤ ਲਈ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵੱਲੋਂ ਵਿਆਪਕ ਹਿਫਾਜ਼ਤੀ ਪ੍ਰਬੰਧ ਕੀਤੇ ਗਏ ਹਨ, ਜਦੋਂਕਿ ਥਾਂ-ਥਾਂ 'ਤੇ ਲੱਖਾਂ ਲੋਕਾਂ ਦੀ ਆਮਦ ਦੇ ਮੱਦੇਨਜ਼ਰ ਦਰਜਨਾਂ ਲੰਗਰ ਲਾਏ ਗਏ ਹਨ।
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਆਨੰਦਪੁਰ ਸਾਹਿਬ ਰਾਕੇਸ਼ ਕੁਮਾਰ ਗਰਗ ਅਨੁਸਾਰ ਮੇਲੇ ਦੇ ਮੱਦੇਨਜ਼ਰ ਟ੍ਰਾਂਸਪੋਰਟ ਵਿਭਾਗ, ਪੁਲਸ ਪ੍ਰਸ਼ਾਸਨ ਤੇ ਹੋਰ ਵਿਭਾਗਾਂ ਨਾਲ ਅਹਿਮ ਮੀਟਿੰਗ ਉਪਰੰਤ ਅਧਿਕਾਰੀਆਂ ਦੀਆਂ ਵਿਸ਼ੇਸ਼ ਡਿਊਟੀਆਂ ਲਾਈਆਂ ਗਈਆਂ ਹਨ। ਮੇਲੇ 'ਚ ਵਿਸ਼ੇਸ਼ ਤੌਰ 'ਤੇ ਸੁਰਿੰਦਰਪਾਲ ਤਹਿਸੀਲਦਾਰ ਸ੍ਰੀ ਆਨੰਦਪੁਰ ਸਾਹਿਬ, ਸੁਰਿੰਦਰਪਾਲ ਸਿੰਘ ਸ੍ਰੀ ਕੀਰਤਪੁਰ ਸਾਹਿਬ ਤੇ ਦਵਿੰਦਰ ਸਿੰਘ ਨੂੰ ਦਿਨ-ਰਾਤ ਦੇ ਪ੍ਰਬੰਧਾਂ ਲਈ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤਾ ਹੈ।
ਮੇਲੇ ਦੌਰਾਨ ਲਗਾਤਾਰ ਬਿਜਲੀ ਸਪਲਾਈ, ਜਲ ਸਪਲਾਈ, ਸਿਹਤ ਸਹੂਲਤਾਂ ਤੇ ਟ੍ਰਾਂਸਪੋਰਟ ਦੀ ਸਹੂਲਤ ਬਹਾਲ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਡੀ. ਐੱਸ. ਪੀ. ਸ੍ਰੀ ਆਨੰਦਪੁਰ ਸਾਹਿਬ ਹਰਮਿੰਦਰ ਸਿੰਘ ਕਾਹਲੋਂ ਅਨੁਸਾਰ ਪੁਲਸ ਪ੍ਰਸ਼ਾਸਨ ਵੱਲੋਂ ਦੋ ਸਪੈਸ਼ਲ ਨਾਕੇ ਰਾਮਪੁਰ ਜੱਜਰ ਤੇ ਲਮਲੈਹੜੀ ਪਿੰਡਾਂ 'ਚ ਸਥਾਪਿਤ ਕੀਤੇ ਗਏ ਹਨ ਤੇ ਸਪੈਸ਼ਲ ਗਸ਼ਤ ਲਈ ਚਰਨ ਗੰਗਾ ਪੁਲ ਤੋਂ ਕੌਲਾਂ ਵਾਲਾ ਟੋਭਾ ਤੇ ਟੋਲ ਬੈਰੀਅਰ ਨੱਕੀਆਂ ਤੋਂ ਚਰਨ ਗੰਗਾ ਪੁਲ ਤੱਕ ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਹੀ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਪ੍ਰਸ਼ਾਸਨ ਬਿਲਾਸਪੁਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਮੱਦੇਨਜ਼ਰ 1200 ਪੁਲਸ ਮੁਲਾਜ਼ਮ 9 ਸੈਕਟਰਾਂ 'ਚ ਤਾਇਨਾਤ ਕੀਤੇ ਗਏ ਹਨ। ਹਰ ਸੈਕਟਰ ਦੀ ਨਿਗਰਾਨੀ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਮੰਦਿਰ ਕੰਪਲੈਕਸ ਦੇ ਨਿਗਰਾਨ ਮਦਨ ਲਾਲ ਅਨੁਸਾਰ ਅਸਥਾਨ ਦੀ ਹਦੂਦ ਅੰਦਰ ਨਾਰੀਅਲ ਤੇ ਕੜਾਹ ਪ੍ਰਸ਼ਾਦ 'ਤੇ ਰੋਕ ਲਾਈ ਗਈ ਹੈ ਤੇ ਗੁਫਾ ਰਾਹੀਂ ਗੱਡੀਆਂ ਦੀ ਐਂਟਰੀ ਬੰਦ ਕੀਤੀ ਗਈ ਹੈ। ਮੇਲੇ ਦੀ ਸਫਾਈ ਵਿਵਸਥਾ ਲਈ ਨਗਰ ਕੌਂਸਲ ਨੈਣਾ ਦੇਵੀ ਨੂੰ ਪ੍ਰਬੰਧਾਂ ਦੇ ਨਿਰਦੇਸ਼ ਜਾਰੀ ਕੀਤੇ ਹਨ ਤੇ ਹਰ ਸੈਕਟਰ 'ਤੇ ਐੱਲ. ਈ. ਡੀ. ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਉਚੇਚੇ ਪ੍ਰਬੰਧ ਕੀਤੇ ਗਏ ਹਨ। ਮੈਨੇਜਰ ਸ. ਰਣਜੀਤ ਸਿੰਘ ਅਨੁਸਾਰ ਲੰਗਰ ਤੇ ਰਿਹਾਇਸ਼ਾਂ 'ਚ ਆਮ ਨਾਲੋਂ ਵਾਧਾ ਕਰ ਕੇ ਭਾਈ ਬਚਿੱਤਰ ਸਿੰਘ ਨਿਵਾਸ ਸ਼ਰਧਾਲੂਆਂ ਲਈ ਆਰਜ਼ੀ ਤੌਰ 'ਤੇ ਚਾਲੂ ਕਰ ਦਿੱਤਾ ਗਿਆ ਹੈ ਤੇ ਲੰਗਰ 'ਚ ਸੇਵਾਦਾਰਾਂ ਦੀ ਡਿਊਟੀ ਵਧਾ ਦਿੱਤੀ ਗਈ ਹੈ।


Related News