ਮੇਨ ਬਾਜ਼ਾਰ ਦੀ ਸੜਕ ਨਾ ਬਣਨ ਕਾਰਨ ਦੁਕਾਨਦਾਰ ਪ੍ਰੇਸ਼ਾਨ

12/13/2017 7:12:23 AM

ਪੱਟੀ,  (ਸੌਰਭ)-  ਮੇਨ ਬਾਜ਼ਾਰ ਪੱਟੀ ਦੀ ਸੜਕ, ਜੋ ਕਿ ਪਿਛਲੇ 10 ਸਾਲਾਂ ਤੋਂ ਟੁੱਟੀ ਪਈ ਹੈ, ਨੂੰ ਨਾ ਤਾਂ ਅਕਾਲੀ ਸਰਕਾਰ ਵੇਲੇ ਬਣਾਇਆ ਗਿਆ ਅਤੇ ਹੁਣ ਕਾਂਗਰਸ ਸਰਕਾਰ ਬਣੀ ਨੂੰ ਵੀ 10 ਮਹੀਨੇ ਹੋ ਗਏ ਹਨ ਪਰ ਇਹ ਸੜਕ ਅਜੇ ਵੀ ਅਧੂਰੀ ਹੈ, ਜਦਕਿ ਕਾਂਗਰਸ ਦੇ ਆਗੂਆਂ ਵੱਲੋਂ ਰੈਸਟ ਹਾਊਸ ਦੇ ਸਾਹਮਣੇ ਛੋਟੇ ਜਿਹੇ ਟੋਏ ਭਰ ਕੇ ਅਖ਼ਬਾਰਾਂ ਵਿਚ ਖ਼ਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ ਪਰ ਇਨ੍ਹਾਂ ਆਗੂਆਂ ਨੂੰ ਇਸ ਮੁੱਖ ਸੜਕ ਉਤੇ ਪਏ ਟੋਏ ਨਹੀਂ ਦਿਸਦੇ। 
ਮੇਨ ਬਾਜ਼ਾਰ ਦੇ ਗਾਂਧੀ ਸੱਥ, ਬੱਸ ਅੱਡਾ, ਭਾਂਡਿਆਂ ਵਾਲਾ ਚੌਕ, ਨੇੜੇ ਕਿਰਨ ਸਿਨੇਮਾ ਦੇ ਦੁਕਾਨਦਾਰਾਂ ਨੂੰ ਬਰਸਾਤਾਂ ਦੇ ਦਿਨਾਂ 'ਚ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ, ਜਿਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਪਿਛਲੇ ਦੋ ਦਿਨ ਤੋਂ ਲਗਾਤਾਰ ਰੁਕ-ਰੁਕ ਕੇ ਹੋ ਰਹੀ ਬਰਸਾਤ ਕਾਰਨ ਸੜਕ 'ਚ ਪਏ ਟੋਏ ਪਾਣੀ ਨਾਲ ਭਰ ਗਏ ਤੇ ਦੁਕਾਨਦਾਰ ਟੋਇਆਂ 'ਚੋਂ ਪਾਣੀ ਕੱਢਦੇ ਨਜ਼ਰ ਆਏ। ਸੁਭਾਸ਼ ਸੂਦ ਨੇ ਦੱਸਿਆ ਕਿ ਇਹ ਸਿਲਸਿਲਾ ਦਸ ਸਾਲਾਂ ਤੋਂ ਹੀ ਚੱਲਦਾ ਆ ਰਿਹਾ ਹੈ। ਵੇਖੋ ਹੁਣ ਕਦੋਂ ਇਸ ਤੋਂ ਨਿਜਾਤ ਮਿਲਦੀ ਹੈ। ਮੇਨ ਬਾਜ਼ਾਰ ਦੇ ਵਾਸੀਆਂ ਨੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ।


Related News