ਦੁਕਾਨ ਮਾਲਕ ਨੇ ਕਿਰਾਏਦਾਰ ਦੀਆਂ ਦੁਕਾਨਾਂ ਨੂੰ ਜਬਰੀ ਲਾਏ ਜਿੰਦਰੇ

08/17/2017 11:56:24 PM

ਫਤਿਹਗੜ੍ਹ ਚੂੜੀਆਂ,   (ਬਿਕਰਮਜੀਤ ਸਾਰੰਗਲ)-  ਸਥਾਨਕ ਕਸਬੇ ਵਿਖੇ ਪਿਛਲੇ ਇਕ ਹਫ਼ਤੇ ਤੋਂ ਇਕ ਦੁਕਾਨ ਮਾਲਕ ਅਤੇ ਉਸ ਦੇ ਕਿਰਾਏਦਾਰ ਵਿਚਾਲੇ ਚੱਲ ਰਿਹਾ ਵਿਵਾਦ ਸੁਲਝਣ ਦੀ ਬਜਾਏ ਹੋਰ ਉਲਝਦਾ ਜਾ ਰਿਹਾ ਹੈ, ਜਿਸ ਨੇ ਬੀਤੇ ਕੱਲ ਇਕ ਹੋਰ ਗੰਭੀਰ ਰੂਪ ਧਾਰ ਲਿਆ ਹੈ। ਇਸ ਸਾਰੇ ਵਿਵਾਦ ਸਬੰਧੀ ਦੁਕਾਨ ਦੇ ਕਿਰਾਏਦਾਰ ਰਾਮ ਲੁਭਾਇਆ ਪੁੱਤਰ ਕਰਮ ਚੰਦ ਅਤੇ ਉਸ ਦੇ ਲੜਕੇ ਗੁਰਮੀਤਪਾਲ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਅਜਨਾਲਾ ਰੋਡ 'ਤੇ ਸਥਿਤ ਮੰਗਲ ਸਿੰਘ ਬੰਦੇਸ਼ਾ ਦੀਆਂ ਦੁਕਾਨਾਂ ਕਿਰਾਏਦਾਰ ਵਜੋਂ ਵਰਤ ਰਹੇ ਸਨ ਪਰ ਬੀਤੀ 11 ਅਗਸਤ ਰਾਤ ਸਮੇਂ ਦੁਕਾਨ ਮਾਲਕ ਮੰਗਲ ਸਿੰਘ ਨੇ ਜ਼ਬਰਦਸਤੀ ਦੁਕਾਨ ਦੇ ਜਿੰਦਰੇ ਤੋੜ ਕੇ ਉਸ ਦਾ ਸਾਮਾਨ ਬਾਹਰ ਕੱਢ ਦਿੱਤਾ ਅਤੇ ਦੁਕਾਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ, ਜਿਸ ਦਾ ਉਨ੍ਹਾਂ ਨੇ ਸਖ਼ਤ ਇਤਰਾਜ਼ ਜਤਾਇਆ ਤੇ ਇਸ ਬਾਰੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਸਾਰੀ ਸਥਿਤੀ ਬਾਰੇ ਹਲਕਾ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਵੀ ਨੋਟਿਸ 'ਚ ਲਿਆਂਦਾ ਗਿਆ ਸੀ, ਜਿਸ 'ਤੇ ਬਾਜਵਾ ਦੇ ਦਖਲ ਦੇਣ 'ਤੇ ਪੁਲਸ ਵੱਲੋਂ ਕਾਰਵਾਈ ਕਰਦਿਆਂ ਦੁਕਾਨ ਦੀਆਂ ਚਾਬੀਆਂ ਸਾਡੇ ਹਵਾਲੇ ਕਰਵਾ ਦਿੱਤੀਆਂ ਗਈਆਂ। 
ਰਾਮ ਲੁਭਾਇਆ ਅਤੇ ਗੁਰਮੀਤਪਾਲ ਨੇ ਅੱਗੇ ਦੱਸਿਆ ਕਿ 16 ਅਗਸਤ ਨੂੰ ਜਦੋਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਤਾਂ ਮੰਗਲ ਸਿੰਘ ਦੇ ਪਰਿਵਾਰ ਨੇ ਧੱਕੇ ਨਾਲ ਸਾਨੂੰ ਡਰਾ-ਧਮਕਾ ਕੇ ਦੁਕਾਨਾਂ ਉਪਰ ਫਿਰ ਕਬਜ਼ਾ ਕਰ ਲਿਆ ਤੇ ਸਾਨੂੰ ਉਥੋਂ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸੂਚਨਾ ਪੁਲਸ ਥਾਣਾ ਫਤਿਹਗੜ੍ਹ ਚੂੜੀਆਂ ਨੂੰ ਦੇ ਦਿੱਤੀ ਗਈ ਹੈ।


Related News