ਸਿੱਖ ਮਸਲਿਆਂ ਨੂੰ ਲੈ ਕੇ ਭਾਰਤ ਸਰਕਾਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ

01/17/2018 6:38:41 AM

ਅੰਮ੍ਰਿਤਸਰ  (ਦੀਪਕ/ਜ. ਬ.) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ ਇਕੱਤਰਤਾ ਵਿਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਮਲਿਆਂ ਨੂੰ ਵਿਚਾਰਨ ਦੇ ਨਾਲ-ਨਾਲ ਇਸ ਵਰ੍ਹੇ ਦੀ ਧਰਮ ਪ੍ਰ੍ਰਚਾਰ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਸਿੱਖ ਮਸਲਿਆਂ ਦੇ ਹੱਲ ਲਈ ਭਾਰਤ ਸਰਕਾਰ ਤੱਕ ਪਹੁੰਚ ਕਰਨ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਚੱਲ ਰਹੇ ਕਾਰਜਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਪਹਿਲੇ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਫੈਸਲਾ
ਇਕੱਤਰਤਾ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਜੋ ਸਾਲ 2019 ਵਿਚ ਆ ਰਿਹਾ ਹੈ, ਨੂੰ ਸਮਰਪਿਤ ਜਿਥੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਸੁਲਤਾਨਪੁਰ ਲੋਧੀ (ਕਪੂਰਥਲਾ), ਡੇਰਾ ਬਾਬਾ ਨਾਨਕ (ਗੁਰਦਾਸਪੁਰ) ਅਤੇ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ (ਤਰਨਤਾਰਨ) ਵਿਖੇ ਵਿਸ਼ਾਲ ਸਮਾਗਮ ਕਰਵਾਏ ਜਾਣਗੇ, ਉਥੇ ਹੀ ਇਸ ਵਰ੍ਹੇ ਦੀ ਧਰਮ ਪ੍ਰਚਾਰ ਲਹਿਰ ਵੀ ਪਹਿਲੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ। ਇਸ ਸਬੰਧ 'ਚ ਸ਼੍ਰੋਮਣੀ ਕਮੇਟੀ ਵਿਸ਼ਾਲ ਪ੍ਰਬੰਧ ਕਰੇਗੀ ਅਤੇ ਕੌਮਾਂਤਰੀ ਪੱਧਰ 'ਤੇ ਸੰਗਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵੀ ਵਿਉਂਤਬੰਦੀ ਕੀਤੀ ਜਾਵੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਯਾਦਗਾਰ ਦੇ ਰੂਪ ਵਿਚ ਸੁਲਤਾਨਪੁਰ ਲੋਧੀ ਵਿਖੇ ਬਣਾਏ ਜਾਣ ਵਾਲੇ 'ੴ ਮੂਲ ਮੰਤਰ' ਸਥਾਨ ਲਈ ਜ਼ਮੀਨ ਖਰੀਦ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਅਤੇ ਇਸ ਯਾਦਗਾਰ ਦਾ ਕੰਮ ਜਲਦ ਆਰੰਭ ਕਰ ਦਿੱਤਾ ਜਾਵੇਗਾ।
ਇਕੱਤਰਤਾ ਦੌਰਾਨ ਲਏ ਗਏ ਹੋਰ ਫੈਸਲਿਆਂ ਬਾਰੇ ਭਾਈ ਲੌਂਗੋਵਾਲ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਚੱਲ ਰਹੇ ਕਾਰਜਾਂ ਨੂੰ ਜਲਦ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਸਬੰਧੀ ਇਕ ਕਮੇਟੀ ਗਠਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ ਜਾਵੇਗਾ।
ਨਿਯੁਕਤੀਆਂ ਤੇ ਤਰੱਕੀਆਂ ਦੀ ਨਿਯਮਬੱਧਤਾ ਨੂੰ ਯਕੀਨੀ ਬਣਾਇਆ ਜਾਵੇਗਾ
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣ ਲਈ ਇਕ ਸਬ-ਕਮੇਟੀ ਬਣਾਈ ਗਈ ਹੈ ਅਤੇ ਲੋੜ ਅਨੁਸਾਰ ਨਿਯੁਕਤੀਆਂ ਅਤੇ ਤਰੱਕੀਆਂ ਲਈ ਵੀ ਇਕ ਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਨਿਯੁਕਤੀਆਂ ਸਬੰਧੀ ਬਣਾਈ ਗਈ ਸਬ-ਕਮੇਟੀ ਵੱਲੋਂ ਅਗਲੇ ਕੁਝ ਦਿਨਾਂ ਵਿਚ ਪੜਤਾਲ ਮੁਕੰਮਲ ਹੋਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਾਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਜਥਿਆਂ ਦੀ ਸੂਚੀ 'ਚ ਕਟੌਤੀ ਨਾ ਕੀਤੀ ਜਾਵੇ
ਇਸ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥਿਆਂ ਦੀ ਸੂਚੀ 'ਚ ਕਟੌਤੀ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਸੂਚੀ ਵਿਚ ਸ਼ਾਮਲ ਸਾਰੇ ਹੀ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਇਕੱਤਰਤਾ ਮੌਕੇ ਹਾਜ਼ਰ ਅਹੁਦੇਦਾਰ
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲ੍ਹਾ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਸੱਜਣ ਸਿੰਘ ਬੱਜੂਮਾਨ, ਨਵਤੇਜ ਸਿੰਘ ਕਾਉਣੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਅਰਾਈਆਂਵਾਲਾ, ਗੁਰਮੀਤ ਸਿੰਘ ਬੂਹ, ਬੀਬੀ ਗੁਰਪ੍ਰੀਤ ਕੌਰ ਕਪੂਰਥਲਾ, ਗੁਰਤੇਜ ਸਿੰਘ ਢੱਡੇ, ਹਰਦੇਵ ਸਿੰਘ ਰੋਗਲਾ ਤੇ ਅਮਰੀਕ ਸਿੰਘ ਸ਼ਾਹਪੁਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਅਵਤਾਰ ਸਿੰਘ ਸੈਂਪਲਾ ਤੇ ਐਡੀਸ਼ਨਲ ਸਕੱਤਰ ਦਿਲਜੀਤ ਸਿੰਘ ਬੇਦੀ, ਵਿਜੇ ਸਿੰਘ ਤੇ ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਸਹਾਇਕ ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।
ਸਿੱਖ ਕਿਰਦਾਰ ਨੂੰ ਢਾਅ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ
ਇਕੱਤਰਤਾ ਵਿਚ ਇਕ ਮਤੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਵਰਤਮਾਨ ਸਮੇਂ ਵਿਚ ਸਿੱਖ ਕਿਰਦਾਰ ਨੂੰ ਪਹਿਲਾਂ ਦੀ ਤਰ੍ਹਾਂ ਚਰਮ ਸੀਮਾ 'ਤੇ ਪਹੁੰਚਾਉਣ ਲਈ ਉਹ ਵਿਸ਼ੇਸ਼ ਯਤਨ ਕਰਨ ਅਤੇ ਸਿੱਖ ਕਿਰਦਾਰ ਨੂੰ ਢਾਅ ਲਾਉਣ ਵਾਲੇ ਲੋਕਾਂ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾਵੇ। ਮਤੇ 'ਚ ਕਿਹਾ ਗਿਆ ਕਿ ਬੀਤੇ ਕੁਝ ਸਮੇਂ ਵਿਚ ਕੁਝ ਸਿੱਖ ਆਗੂਆਂ ਵੱਲੋਂ ਕੀਤੀ ਗਈ ਅਨੈਤਿਕ ਕਾਰਵਾਈ ਕਾਰਨ ਸਿੱਖ ਕਿਰਦਾਰ ਨੂੰ ਢਾਅ ਲੱਗੀ ਹੈ ਅਤੇ ਨੌਜਵਾਨਾਂ ਤੇ ਬੱਚਿਆਂ ਦੀ ਮਾਨਸਿਕਤਾ 'ਤੇ ਵੀ ਬੁਰਾ ਅਸਰ ਪਿਆ ਹੈ। ਇਤਿਹਾਸ 'ਚ ਸਿੱਖਾਂ ਦੇ ਕਿਰਦਾਰ ਦੀ ਮਜ਼ਬੂਤੀ ਦੀਆਂ ਉਦਾਹਰਨਾਂ ਅਤੇ ਉੱਚ ਨੈਤਿਕ ਗੁਣਾਂ ਕਾਰਨ ਪੂਰੀ ਦੁਨੀਆ 'ਚ ਸਿੱਖਾਂ ਦੀ ਵਿਲੱਖਣ ਸ਼ਾਨ ਸਥਾਪਤ ਹੋਈ ਸੀ ਪਰ ਵਾਪਰੀਆਂ ਘਟਨਾਵਾਂ ਨੇ ਸਮੁੱਚੀ ਕੌਮ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿਚ 6 ਫੀਸਦੀ ਵਾਧਾ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

 


Related News