ਸ਼੍ਰੋਮਣੀ ਕਮੇਟੀ ਮੀਰੀ-ਪੀਰੀ ਦਿਵਸ ਨੂੰ ਗੱਤਕਾ ਦਿਵਸ ਵਜੋਂ ਮਨਾਏਗੀ : ਪ੍ਰੋ. ਬਡੂੰਗਰ

06/26/2017 6:24:34 PM

ਸਮਾਣਾ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 3 ਜੁਲਾਈ ਨੂੰ ਮੀਰੀ-ਪੀਰੀ ਦਿਵਸ ਨੂੰ ਗੱਤਕਾ ਦਿਵਸ ਵਜੋਂ ਮਨਾਏਗੀ ਅਤੇ ਇਸ ਦਿਨ ਗੁਰੂ ਸਾਹਿਬ ਦੀ ਬਖਸ਼ੀ ਖੇਡ ਗੱਤਕਾ ਵੱਡੇ ਪੱਧਰ 'ਤੇ ਖੇਡਿਆ ਜਾਵੇਗਾ। ਪ੍ਰੋ: ਬਡੂੰਗਰ ਗੁਰਦੁਆਰਾ ਭਗਤ ਰਵਿਦਾਸ ਜੀ ਸਮਾਣਾ ਵਿਖੇ ਗੁਰਮਤਿ ਕੈਂਪ ਦੀ ਸੰਪੂਰਤਾ 'ਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਤ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਜ ਸਿੰਘ, ਗਿਆਨੀ ਹਰਪਾਲ ਸਿੰਘ ਅਤੇ ਸ੍ਰੀਮਤੀ ਪ੍ਰਭਜੋਤ ਕੌਰ ਵੀ ਹਾਜ਼ਰ ਸਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਗੱਤਕਾ ਇਕ ਸੰਪੂਰਨ ਯੋਗਾ ਹੈ ਜਿਸ ਨੂੰ ਖੇਡਣ ਲਈ  ਗੁਰੂ ਸਾਹਿਬਾਨ ਨੇ ਕਈ ਸੌ ਸਾਲ ਪਹਿਲਾਂ ਹੀ ਸਿੱਖਾਂ ਨੂੰ ਹਦਾਇਤ ਕੀਤੀ ਹੋਈ ਹੈ। ਇਸ ਲਈ ਉਹ ਇਸ ਖੇਡ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਬੱਚਿਆਂ ਨੂੰ ਸਿੱਖ ਇਤਿਹਾਸ, ਮਰਿਆਦਾ ਅਤੇ ਗੁਰਬਾਣੀ ਨਾਲ ਜੋੜਨ ਲਈ ਕੈਂਪ ਲਗਾ ਰਹੀ ਹੈ। ਗੁਰਦੁਆਰਾ ਭਗਤ ਰਵਿਦਾਸ ਕਮੇਟੀ ਦੇ ਪ੍ਰਧਾਨ ਰਾਜ ਸਿੰਘ ਦੀ ਅਗਵਾਈ 'ਚ ਵੱਡਾ ਕੈਂਪ ਲਗਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ਕੀਤੇ ਕਾਰਜਾਂ 'ਚ ਸਹਿਯੋਗ ਕੀਤਾ ਹੈ। ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਪਿੰਡ-ਪਿੰਡ 'ਚ ਲੈ ਕੇ ਜਾਣ ਲਈ ਸ਼੍ਰੋਮਣੀ ਕਮੇਟੀ 1 ਜੁਲਾਈ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਮਾਰਚ ਸ਼ੁਰੂ ਕਰਨ ਜਾ ਰਹੀ ਹੈ। ਇਸ ਮਾਰਚ 'ਚ ਸ਼੍ਰੋਮਣੀ ਕਮੇਟੀ ਦੇ ਮੈਂਬਰ, ਰਾਗੀ, ਢਾਡੀ ਅਤੇ ਪ੍ਰਚਾਰਕ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਸਬੰਧੀ ਸਿੱਖ ਸੰਗਤਾਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਜਾਣਕਾਰੀ ਦੇਣਗੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਪ੍ਰਚਾਰ ਦਾ ਨੌਜਵਾਨਾਂ 'ਤੇ ਵਿਆਪਕ ਅਸਰ ਹੋ ਰਿਹਾ ਹੈ।
ਪ੍ਰੋਂ ਬਡੂੰਗਰ ਨੇ ਕਨੈਡਾ 'ਚ ਦਸਤਾਰਧਾਰੀ ਸਿੱਖ ਬੀਬੀ ਪਰਬਿੰਦਰ ਕੌਰ ਸ਼ੇਰਗਿੱਲ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਹੋਈ ਨਿਯੁਕਤੀ 'ਤੇ ਬੇਹੱਦ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਸਮੁੱਚੀ ਸਿੱਖ ਕੌਮ ਦਾ ਪੂਰੀ ਦੁਨੀਆਂ 'ਚ ਸਿਰ ਉੱਚਾ ਹੋਇਆ ਹੈ। ਉਨ੍ਹਾਂ ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਦਿੱਤੇ। ਇਸ ਮੌਕੇ ਮਨਜਿੰਦਰ ਸਿੰਘ ਰਾਣਾ, ਸੁਭਾਸ਼ ਪੰਜਰਥ, ਜਸਵਿੰਦਰ ਸਿੰਘ ਲੂਥਰਾ, ਮੁਕੰਦ ਸਿੰਘ, ਸੁਖਵਿੰਦਰ ਸਿੰਘ ਦਾਨੀਪੁਰ, ਜਸਵਿੰਦਰ ਸਿੰਘ ਕਾਹਨਗੜ੍ਹ, ਬੀਬੀ ਗੁਰਮੀਤ ਕੌਰ ਮਾਜਰੀ, ਅਵਤਾਰ ਸਿੰਘ, ਗੁਰਸੇਵਕ ਸਿੰਘ, ਮਾਸਟਰ ਜਸਬੀਰ ਸਿੰਘ, ਮਾਸਟਰ ਮਲਕੀਤ ਸਿੰਘ, ਬਾਬਾ ਗੁਰਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।


Related News