ਸ਼ਹੀਦ ਭਗਤ ਸਿੰਘ ਅਜਾਇਬ ਘਰ 23 ਮਾਰਚ ਤੱਕ ਹੋਵੇਗਾ ਚਾਲੂ

10/19/2017 3:13:11 AM

ਅੰਮ੍ਰਿਤਸਰ,   (ਬਿਊਰੋ)-  ਪੰਜਾਬ ਦੇ ਸੈਰ-ਸਪਾਟਾ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਕਰੀਬ 18 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਦੀ ਯਾਦ 'ਚ ਬਣਾਇਆ ਜਾ ਰਿਹਾ ਅਜਾਇਬ ਘਰ 23 ਮਾਰਚ 2018 ਤੱਕ ਪੂਰਾ ਕਰ ਦਿੱਤਾ ਜਾਵੇਗਾ। ਅੱਜ ਸਥਾਨਕ ਕਿਲਾ ਗੋਬਿੰਦਗੜ੍ਹ ਵਿਖੇ ਸੈਰ-ਸਪਾਟਾ ਮੇਲੇ ਦੇ ਸਮਾਪਤੀ ਸਮਾਗਮ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਪੰਜਾਬ ਆਉਂਦੇ ਸੈਲਾਨੀਆਂ ਦਾ ਮੁੱਖ ਕੇਂਦਰ ਹੈ ਅਤੇ ਇਸ ਸਨਅਤ ਨੂੰ ਤਰੱਕੀ ਵੱਲ ਲਿਜਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਲਈ ਜਿਥੇ ਅੰਮ੍ਰਿਤਸਰ ਦੇ ਨਾਲ ਲੱਗਦੇ ਸ਼ਹਿਰਾਂ ਨੂੰ ਇਕ ਸਰਕਟ ਵਜੋਂ ਵਿਕਸਤ ਕੀਤਾ ਜਾਵੇਗਾ, ਉਥੇ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੈਲਾਨੀਆਂ ਲਈ ਸੁਰੱਖਿਅਤ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ। ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਚਾਲੂ ਕਰਵਾਈਆਂ ਜਾਣਗੀਆਂ ਤਾਂ ਕਿ ਲੋਕ ਸਿੱਧੇ ਇਥੇ ਆ-ਜਾ ਸਕਣ। ਇਸ ਮੌਕੇ ਬੋਲਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਅਦਾਕਾਰਾ ਦੀਪਾ ਸ਼ਾਹੀ ਦੇ, ਜਿਨ੍ਹਾਂ ਅੰਮ੍ਰਿਤਸਰ ਦੀ ਸੈਰ-ਸਪਾਟਾ ਸਨਅਤ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਵੱਡਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਆਪਣੇ ਪੱਧਰ 'ਤੇ ਸ਼ਹਿਰ ਨੂੰ ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਏ ਸੈਲਾਨੀਆਂ ਦਾ ਦਿਲੋਂ ਜੀ ਆਇਆਂ ਕਹੀਏ ਅਤੇ ਉਹ ਅਭੁੱਲ ਯਾਦਾਂ ਇਥੋਂ ਲੈ ਕੇ ਜਾਣ।
ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਦੁਨੀਆ ਦੇ ਵੱਡੇ ਹਵਾਈ ਅੱਡਿਆਂ ਵਿਚ ਸ਼ਾਮਿਲ ਹੋਵੇ ਅਤੇ ਇਥੋਂ ਦੁਨੀਆ ਦੇ ਵੱਡੇ ਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਮਿਲਣ। ਇਸ ਮੌਕੇ ਕਲਾਕਾਰਾਂ ਵੱਲੋਂ ਬਹੁਤ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਾਈਕਲ ਰੈਲੀ ਵੀ ਕੱਢੀ ਗਈ। ਮਹਿਮਾਨਾਂ ਨੇ ਇਸ ਮੌਕੇ ਵੱਖ-ਵੱਖ ਮੁਕਾਬਲਿਆਂ 'ਚੋਂ ਮੋਹਰੀ ਰਹੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਸੈਕਟਰੀ ਸੈਰ-ਸਪਾਟਾ ਜਸਪਾਲ ਸਿੰਘ, ਡਾਇਰੈਕਟਰ ਸ਼ਿਵਦੁਲਾਰ ਸਿੰਘ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਰਿਜਨਲ ਡਾਇਰੈਕਟਰ ਦੇਵ ਬਰਮਨ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ। 


Related News