ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲੇਗੀ ਦੇਸ਼ ਦੀ ਦੂਜੀ ਬੁਲੇਟ ਟਰੇਨ

08/17/2017 11:02:02 PM

ਅੰਮ੍ਰਿਤਸਰ (ਮਹਿੰਦਰ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਗੁਰੂ ਨਗਰੀ ਨੂੰ ਬੁਲੇਟ ਟਰੇਨ ਵਜੋਂ ਇਕ ਬਹੁਤ ਹੀ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। 
ਇਸ ਸਬੰਧੀ  ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ  ਰੇਲ ਮੰਤਰਾਲਾ ਨੇ ਬੁਲੇਟ ਟਰੇਨ ਸ਼ੁਰੂ ਕਰਨ ਦੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਇਸ ਪ੍ਰਾਜੈਕਟ 'ਤੇ ਲਗਭਗ 1 ਲੱਖ ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ 2024 ਤੱਕ ਪੂਰਾ ਹੋ ਜਾਵੇਗਾ ਅਤੇ ਉਸੇ ਸਾਲ ਤੋਂ ਇਹ ਬੁਲੇਟ ਟਰੇਨ ਰੇਲ ਪਟੜੀ 'ਤੇ ਦੌੜਨੀ ਵੀ ਸ਼ੁਰੂ ਹੋ ਜਾਵੇਗੀ। ਮਲਿਕ ਨੇ ਕਿਹਾ ਕਿ ਇਸ ਬੁਲੇਟ ਟਰੇਨ ਦੀ ਮੰਗ ਉਹ ਸਮੇਂ-ਸਮੇਂ 'ਤੇ ਸੰਸਦ ਵਿਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦੇ ਸਨਮੁਖ ਉਠਾਉਂਦੇ ਰਹੇ ਹਨ।
ਮਲਿਕ ਨੇ ਦੱਸਿਆ ਕਿ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਸ਼ੁਰੂ ਕਰਨ ਸਬੰਧੀ ਫਰੈਂਚ ਕੰਪਨੀ ਸਿਸਟਰਾ ਵਲੋਂ ਭਾਰਤੀ ਰੇਲਵੇ ਨਾਲ ਰਲ ਕੇ ਸਾਰੀ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਸੀ। ਇਸ ਤੋਂ ਪਹਿਲਾਂ ਮੁੰਬਈ ਤੋਂ ਅਹਿਮਦਾਬਾਦ ਤੱਕ ਜੋ ਪਹਿਲੀ ਬੁਲੇਟ ਟਰੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਇਹ ਪ੍ਰਾਜੈਕਟ 2023 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।
ਅੰਬਾਲਾ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ 'ਚ ਹੋਣਗੇ ਸਟਾਪੇਜ 
ਸੰਸਦ ਮੈਂਬਰ ਨੇ ਕਿਹਾ ਕਿ ਬੁਲੇਟ ਟਰੇਨ ਦੀ ਅੰਦਾਜ਼ਨ ਰਫਤਾਰ 300 ਤੋਂ 350 ਕਿ. ਮੀ.  ਪ੍ਰਤੀ ਘੰਟਾ ਹੋਵੇਗੀ। ਇਸ ਟਰੇਨ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਦਿੱਲੀ ਤੱਕ ਕੁੱਲ 458 ਕਿ. ਮੀ. ਤੱਕ ਦਾ ਸਫਰ ਮੁਸਾਫਰ ਸਿਰਫ 2.30 ਘੰਟਿਆਂ ਵਿਚ ਹੀ ਤਹਿ ਕਰ ਸਕਣਗੇ। ਜਦ ਕਿ ਇਸ ਵੇਲੇ ਇੰਨਾ ਸਫਰ ਤਹਿ ਕਰਨ ਲਈ ਕਿਸੇ ਐਕਸਪ੍ਰੈੱਸ ਟਰੇਨ ਵਿਚ ਲਗਭਗ 6 ਘੰਟੇ ਲੱਗਦੇ ਹਨ। ਅੰਮ੍ਰਿਤਸਰ ਤੋਂ ਦਿੱਲੀ ਤੱਕ ਸ਼ੁਰੂ ਹੋਣ ਵਾਲੀ ਇਸ ਬੁਲੇਟ ਟਰੇਨ ਦੇ ਰੇਲ ਮਾਰਗ ਵਿਚ ਫਿਲਹਾਲ ਅੰਬਾਲਾ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਸਟਾਪੇਜ ਸੂਚੀਬੱਧ ਕੀਤੇ ਗਏ ਸਨ। ਮਲਿਕ ਨੇ ਦੱਸਿਆ ਕਿ ਇਸ ਬੁਲੇਟ ਟਰੇਨ ਦਾ ਕਿਰਾਇਆ ਸ਼ਤਾਬਦੀ ਏ. ਸੀ. ਐਗਜ਼ੀਕਿਊਟਿਵ ਸ਼੍ਰੇਣੀ ਦੇ ਕਿਰਾਏ ਦੇ ਬਰਾਬਰ ਹੀ ਹੋਵੇਗਾ।
ਬੁਲੇਟ ਟਰੇਨ ਲਈ ਕੇਂਦਰ ਸਰਕਾਰ ਖੁਦ ਦੇਵੇਗੀ ਫੰਡ
ਮਲਿਕ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਅੰਦਾਜ਼ਾ ਲਗਾਉਣ ਦੇ ਮਗਰੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਇਸ ਬੁਲੇਟ ਟਰੇਨ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਬਜਾਏ ਖੁਦ ਹੀ ਆਪਣੇ ਪੱਧਰ 'ਤੇ ਸਾਰੇ ਫੰਡ ਦੇਵੇਗੀ। ਇਸ ਦੇ ਤਹਿਤ ਕੇਂਦਰ ਸਰਕਾਰ ਵਿਸ਼ਵ ਬੈਂਕ ਤੋਂ ਅਤੇ ਕਿਸੇ ਵੀ ਹੋਰ ਦੇਸ਼ ਨਾਲ ਐਗਰੀਮੈਂਟ ਕਰਕੇ ਇਸ ਪ੍ਰਾਜੈਕਟ ਨੂੰ ਪੂਰਾ ਕਰੇਗੀ। ਇਹ ਬੁਲੇਟ ਟਰੇਨ ਸਟੈਂਡਰਡ ਟਰੈਕ 'ਤੇ ਹੀ ਚੱਲੇਗੀ।


Related News