ਕੁੰਡੀ ਫੜਨ ਗਏ ਐੱਸ. ਡੀ. ਓ. ਅਤੇ ਹੋਰ ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ

12/10/2017 8:29:25 AM

ਸ਼ੁਤਰਾਣਾ/ਪਾਤੜਾਂ  (ਅਡਵਾਨੀ) - ਪਿੰਡ ਡਰੋਲੀ ਦੇ ਡੇਰੇ ਵਿਚ ਬਿਜਲੀ ਦੀ ਕੁੰਡੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਡੇਰੇ ਦੇ ਲੋਕਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬੰਦੀ ਬਣਾਏ ਜੇ. ਈ. ਨੂੰ ਘੱਗਾ ਪੁਲਸ ਨੇ ਛੁਡਾ ਕੇ ਉਸ ਨੂੰ ਹਸਪਤਾਲ ਪਾਤੜਾਂ ਵਿਖੇ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਿਜਲੀ ਬੋਰਡ ਦਿਹਾਤੀ ਦੇ ਐੱਸ. ਡੀ. ਓ., ਜੇ. ਈ. ਦਇਆ ਸਿੰਘ ਟੀਮ ਨਾਲ ਰੋਜ਼ਾਨਾ ਚੈਕਿੰਗ ਕਰਨ ਲਈ ਪਿੰਡ ਡਰੋਲੀ ਦੇ ਡੇਰੇ ਅੰਮ੍ਰਿਤਸਰੀਆ ਪਹੁੰਚੇ, ਉੁਥੇ ਇਕ ਘਰ ਵਿਚ ਲੱਗੀ ਬਿਜਲੀ ਦੀ ਕੁੰਡੀ ਫੜ ਲਈ, ਜਿਸ ਨੂੰ ਲੈ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਉੁਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਨੂੰ ਦੇਖ ਕੇ ਐੱਸ. ਡੀ. ਓ. ਦਿਹਾਤੀ ਦਵਿੰਦਰ ਸਿੰਘ ਗੱਡੀ ਭਜਾਉੁਣ ਲੱਗਾ ਜਦੋਂ ਭੱਜ ਕੇ ਜੇ. ਈ. ਦਇਆ ਸਿੰਘ ਗੱਡੀ ਦੀ ਤਾਕੀ ਨੂੰ ਹੱਥ ਪਾਉੁਣ ਲੱਗਾ ਤਾਂ ਤਾਕੀ ਦਾ ਹੈਂਡਲ ਟੁੱਟ ਕੇ ਡਿੱਗ ਪਿਆ। ਲੋਕਾਂ ਦਾ ਗੁੱਸਾ ਦੇਖ ਕੇ ਐੱਸ. ਡੀ. ਓ. ਤੇ ਬਾਕੀ ਟੀਮ ਮੈਂਬਰ ਭੱਜ ਗਏ ਤੇ ਲੋਕਾਂ ਦੇ ਹੱਥ ਜੇ. ਈ. ਦਇਆ ਸਿੰਘ ਚੜ੍ਹ ਗਿਆ, ਜਿਸ ਨੂੰ ਉੁਥੇ ਕੁਝ ਲੋਕਾਂ ਨੇ ਬੇਰਹਿਮੀ ਨਾਲ ਬੰਦੀ ਬਣਾ ਕੇ ਕੁੱਟਿਆ।
ਐੱਸ. ਡੀ. ਓ. ਦਵਿੰਦਰ ਸਿੰਘ ਨੇ ਘੱਗਾ ਥਾਣੇ ਵਿਚ ਰਿਪੋਰਟ ਦੇ ਕੇ ਪੁਲਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਬੰਦੀ ਬਣਾਏ ਜੇ. ਈ. ਨੂੰ ਛੁਡਾਉੁਣ ਗਏ ਤਾਂ ਉੁਥੇ ਮੌਜੂਦ ਕੁਝ ਲੋਕ ਮੋਬਾਇਲ ਰਾਹੀਂ ਵੀਡੀਓ ਬਣਾਉੁਣ ਲੱਗ ਪਏ। ਬਾਅਦ ਵਿਚ ਹੋਰ ਪੁਲਸ ਫੋਰਸ ਜਾਣ ਤੋਂ ਬਾਅਦ ਬੰਦੀ ਬਣਾਏ ਜੇ. ਈ. ਨੂੰ ਛੁਡਾਇਆ। ਬਿਜਲੀ ਮੁਲਾਜ਼ਮਾਂ ਵੱਲੋਂ ਜੇ. ਈ. ਦਇਆ ਸਿੰਘ ਨੂੰ ਸਰਕਾਰੀ ਹਸਪਤਾਲ ਪਾਤੜਾਂ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ।  ਪੁਲਸ ਨੇ ਇਕ ਦਰਜਨ ਦੇ ਲਗਭਗ ਵਿਅਕਤੀਆਂ ਖਿਲਾਫ ਮੁਕੱਦਮਾ ਨੰ. 140 ਧਾਰਾ 353, 332, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News