ਗੁਰਦਾਸਪੁਰ ''ਚ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 6-7 ਬੱਚੇ ਜ਼ਖਮੀ

07/24/2017 1:29:52 PM

ਗੁਰਦਾਸਪੁਰ (ਦੀਪਕ ਕੁਮਾਰ) : ਗੁਰਦਾਸਪੁਰ ਦੇ ਪਿੰਡ ਖੋਖਰ ਨੇੜੇ ਪਿੰਡ ਸਿੱਧਵਾਂ ਜਮੀਤਾ 'ਚ ਸਥਿਤ ਨਿੱਜੀ ਸਕੂਲ ਦੀ ਬੱਸ ਸੋਮਵਾਰ ਸਵੇਰੇ ਬੱਚਿਆਂ ਨੂੰ ਸਕੂਲ ਲਿਜਾਂਦੇ ਸਮੇਂ ਤੇਜ਼ ਮੀਂਹ ਕਾਰਨ ਅਤੇ ਮੋਟਰਸਾਈਕਲ ਨੂੰ ਰਸਤਾ ਦਿੰਦੇ ਹੋਏ ਖੇਤਾਂ ਵਿਚ ਪਲਟ ਗਈ। ਇਸ ਹਾਦਸੇ ਵਿਚ 6-7 ਬੱਚੇ ਜ਼ਖਮੀ ਹੋ ਗਏ ਜਦਕਿ ਬੱਸ ਦਾ ਹੈਲਪਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਥੇ ਹੀ ਇਲਾਜ ਲਈ ਹਸਪਤਾਲ ਲਿਆਂਦੇ ਬੱਚਿਆਂ ਨਾਲ ਆਏ ਸਕੂਲ ਪ੍ਰਸ਼ਾਸਨ ਵਲੋਂ ਮੀਡੀਆ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ।
ਇਥੇ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਸਕੂਲ ਪ੍ਰਸ਼ਾਸਨ ਜ਼ਖਮੀ ਬੱਚਿਆਂ ਦੇ ਐਕਸਰੇ ਕਰਵਾਉਣ ਤੋਂ ਬਾਅਦ ਸਿਵਲ ਹਸਪਤਾਲ ਦੇ ਡਾਕਟਰ ਨੂੰ ਬਿਨਾ ਪੁੱਛੇ ਹੀ ਬੱਚਿਆਂ ਨੂੰ ਲੈ ਕੇ ਚੱਲਦਾ ਬਣਿਆ। ਇੰਨਾ ਹੀ ਨਹੀਂ ਸਕੂਲ ਪ੍ਰਸ਼ਾਸਨ ਵਲੋਂ ਪਲਟੀ ਬੱਸ ਨੂੰ ਵੀ ਜਲਦ ਹੀ ਸਿੱਧਾ ਕਰਵਾ ਕੇ ਸਕੂਲ ਅੰਦਰ ਖੜ੍ਹਾ ਕਰ ਦਿੱਤਾ ਗਿਆ। ਇਸ ਮਾਮਲੇ ਦੀ ਪੁਲਸ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ। ਜਿੱਥੇ ਸਕੂਲ ਪ੍ਰਸ਼ਾਸਨ ਮੀਡੀਆ ਤੋਂ ਆਪਣੇ ਆਪ ਨੂੰ ਬਚਾਉਂਦਾ ਨਜ਼ਰ ਆਇਆ, ਉਥੇ ਹੀ ਹਸਪਤਾਲ ਦੇ ਕਰਮਚਾਰੀਆਂ ਦੀ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ। ਹਸਪਤਾਲ ਦੇ ਸਟਾਫ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਕਦੋਂ ਸਕੂਲ ਪ੍ਰਸ਼ਾਸਨ ਬੱਚਿਆਂ ਨੂੰ ਲੈ ਕੇ ਰੱਫੂਚੱਕਰ ਹੋ ਗਿਆ।
ਬਾਅਦ ਵਿਚ ਸਕੂਲ ਦੀ ਪ੍ਰਿੰਸੀਪਲ ਸਿਸਟਰ ਫ੍ਰਾਂਸਿਸਕੋ ਨੇ ਦੱਸਿਆ ਕਿ ਸਾਰੇ ਬੱਚੇ ਬਿਲਕੁਲ ਠੀਕ ਹਨ ਅਤੇ ਹੈਲਪਰ ਜ਼ਖਮੀ ਹੋਇਆ ਹੈ ਜਿਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਘਟਨਾ ਤੋਂ ਪੱਲਾ ਝਾੜਦੇ ਹੋਏ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿਚ ਨਾ ਹੋਣ ਕਰਕੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦੇਰ ਨਾਲ ਮਿਲੇ ਅਤੇ ਬੱਚਿਆਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।


Related News