ਘੱਟ ਗਿਣਤੀ ਵਰਗਾਂ ਦੇ ਵਿਦਿਆਰਥੀਆਂ ਲਈ ਵਜ਼ੀਫਾ ਸਕੀਮਾਂ ਵਰਦਾਨ ਸਿੱਧ ਹੋਣਗੀਆਂ : ਧਰਮਸੋਤ

06/27/2017 6:59:32 AM

ਚੰਡੀਗੜ੍ਹ, (ਕਮਲ)- ਪੰਜਾਬ ਦੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼ੇਣੀਆਂ ਅਤੇ ਘੱਟ ਗਿਣਤੀ ਵਰਗ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬੇ ਦੇ ਘੱਟ ਗਿਣਤੀ ਵਰਗ ਦੇ ਨੌਜਵਾਨਾਂ ਦਾ ਸਰਬਪੱਖੀ ਵਿਕਾਸ ਕਰਨ ਹਿੱਤ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਉਨ੍ਹਾਂ ਲਈ ਵਰਦਾਨ ਸਿੱਧ ਹੋਣਗੀਆਂ। 
ਧਰਮਸੋਤ ਨੇ ਦੱਸਿਆ ਕਿ ਸਿੱਖ, ਮੁਸਲਿਮ, ਈਸਾਈ, ਬੋਧੀ, ਪਾਰਸੀ ਤੇ ਜੈਨ ਆਦਿ ਘੱਟ ਗਿਣਤੀ ਵਰਗਾਂ ਦਾ ਆਰਥਿਕ ਤੇ ਸਮਾਜਿਕ ਮਿਆਰ ਉੱਚਾ ਚੁੱਕਣਾ ਸਾਡੀ ਸਰਕਾਰ ਦਾ ਮੁੱਖ ਮੰਤਵ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਸੂਬੇ ਦੇ ਘੱਟ ਗਿਣਤੀ ਵਰਗ ਦੇ ਨੌਜਵਾਨਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਸਕੀਮਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। 'ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ' ਤਹਿਤ ਪੰਜਾਬ ਸਰਕਾਰ ਵਲੋਂ ਪ੍ਰਵਾਨਿਤ ਸੂਬਾ ਅਤੇ ਕੌਮੀ ਪੱਧਰ ਦੀਆਂ ਸੰਸਥਾਵਾਂ ਜਿਵੇਂ ਕਿ ਆਈ. ਆਈ. ਟੀ., ਆਈ. ਆਈ. ਐੱਮ. ਆਦਿ 'ਚ ਪੜ੍ਹ ਰਹੇ, ਗਰੈਜੂਏਟ/ਪੋਸਟ ਗਰੈਜੂਏਟ ਪੱਧਰ ਦੇ ਤਕਨੀਕੀ ਜਾਂ ਪ੍ਰੋਫੈਸ਼ਨਲ ਕੋਰਸਾਂ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ, ਇਸ ਸਕੀਮ ਦਾ ਲਾਭ ਉਠਾ ਸਕਣਗੇ। ਸੂਬੇ ਦੇ ਘੱਟ ਗਿਣਤੀ ਵਰਗ ਦੇ ਉਹ ਵਿਦਿਆਰਥੀ ਜੋ ਪੰਜਾਬ ਦੀਆਂ ਸੰਸਥਾਵਾਂ 'ਚ ਪੜ੍ਹ ਰਹੇ ਹਨ ਤੇ ਹੋਸਟਲਾਂ 'ਚ ਰਹਿ ਰਹੇ ਹਨ, ਨੂੰ ਦਾਖਲੇ ਦੀ ਮਿਤੀ ਤੋਂ 10 ਹਜ਼ਾਰ ਰੁਪਏ ਸਾਲਾਨਾ (1 ਹਜ਼ਾਰ ਰੁਪਏ ਪ੍ਰਤੀ ਮਹੀਨਾ-10 ਮਹੀਨਿਆਂ ਲਈ) ਅਤੇ ਕੌਮੀ ਪੱਧਰ ਦੀਆਂ ਸੰਸਥਾਵਾਂ ਜਿਵੇਂ ਕਿ ਆਈ. ਆਈ. ਟੀ., ਆਈ. ਆਈ. ਐੱਮ. ਆਦਿ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਅਸਲ ਜਾਂ ਵੱਧ ਤੋਂ ਵੱਧ 20 ਹਜ਼ਾਰ ਰੁਪਏ ਸਾਲਾਨਾ ਵਜ਼ੀਫ਼ਾ ਦਿੱਤਾ ਜਾਵੇਗਾ। ਪੰਜਾਬ ਦੀਆਂ ਸੰਸਥਾਵਾਂ 'ਚ ਪੜ੍ਹ ਰਹੇ ਘੱਟ ਗਿਣਤੀ ਵਰਗ ਦੇ ਡੇ-ਸਕਾਲਰ ਵਿਦਿਆਰਥੀਆਂ ਨੂੰ 5 ਹਜ਼ਾਰ ਰੁਪਏ ਸਾਲਾਨਾ (500 ਰੁਪਏ ਪ੍ਰਤੀ ਮਹੀਨਾ-10 ਮਹੀਨਿਆਂ ਲਈ) ਵਜ਼ੀਫਾ ਦਿੱਤਾ ਜਾਵੇਗਾ, ਜਦਕਿ ਕੌਮੀ ਪੱਧਰ ਦੀਆਂ ਸੰਸਥਾਵਾਂ 'ਚ ਪੜ੍ਹ ਰਹੇ ਡੇ-ਸਕਾਲਰ ਵਿਦਿਆਰਥੀਆਂ ਨੂੰ ਅਸਲ ਜਾਂ ਵੱਧ ਤੋਂ ਵੱਧ 20 ਹਜ਼ਾਰ ਰੁਪਏ ਸਾਲਾਨਾ ਵਜ਼ੀਫ਼ਾ ਦਿੱਤਾ ਜਾਵੇਗਾ। 
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵਜ਼ੀਫਾ ਹਾਸਲ ਕਰਨ ਵਾਲੇ ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਨਵੇਂ ਕੋਰਸ 'ਚ ਦਾਖਲ ਉਹ ਵਿਦਿਆਰਥੀ ਵਜ਼ੀਫਾ ਲੈਣ ਦਾ ਹੱਕਦਾਰ ਹੋਵੇਗਾ ਜਿਸਨੇ ਪੂਰਬਲੀ ਪ੍ਰੀਖਿਆ 'ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕੀਤੇ ਹੋਣ। ਇਸ ਸਕੀਮ ਤਹਿਤ ਨਵੇਂ ਕੋਰਸ ਲਈ ਰਿਨਿਊਅਲ ਸਕਾਲਰਸ਼ਿਪ ਪਿਛਲੀ ਪ੍ਰੀਖਿਆ 'ਚ 50 ਫੀਸਦੀ ਅੰਕ ਹਾਸਲ ਕਰਨ 'ਤੇ ਹੀ ਹੋਵੇਗੀ।


Related News