ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵਲੋਂ ਕੁਕਰਮ ਦੀ ਘਟਨਾ ''ਤੇ ਸਰਬੱਤ ਖਾਲਸਾ ''ਚ ਥਾਪੇ ਜਥੇਦਾਰਾਂ ਵਲੋਂ ਸਖਤ ਹੁਕਮ

08/16/2017 6:46:37 PM

ਤਲਵੰਡੀ ਸਾਬੋ (ਮੁਨੀਸ਼) : ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਵਿਖੇ ਇਕ ਸੇਵਾਦਾਰ ਵੱਲੋਂ ਕੁਕਰਮ ਦੀ ਘਿਨਾਉਣੀ ਵਾਰਦਾਤ ਕਰਨ ਦੇ ਮਾਮਲੇ ਵਿਚ ਸਰਬੱਤ ਖਾਲਸਾ ਜਥੇਦਾਰਾਂ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।ਸਰਬੱਤ ਖਾਲਸਾ ਦੇ ਕੰਟਰੋਲ ਰੂਮ ਤੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੱਸਿਆ ਕਿ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ 11000 ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਪਾਵਨ ਧਰਤੀ ਹੈ ਜਿੱਥੇ ਸ਼ਰਧਾ ਸਹਿਤ ਲੱਖਾਂ ਸਿੱਖ ਨਤਮਸਤਕ ਹੁੰਦੇ ਹਨ ਅਤੇ ਉੱਥੋਂ ਦੇ ਇਕ ਸੇਵਾਦਾਰ ਦਾ ਕੁਕਰਮ ਵਰਗੀ ਘਟੀਆ ਹਰਕਤ ਵਿਚ ਨਾਮ ਆਉਣਾ ਅਤਿ ਮੰਦਭਾਗਾ ਹੈ।
ਸਰਬੱਤ ਖਾਲਸਾ ਜਥੇਦਾਰਾਂ ਨੇ ਕਿਹਾ ਕਿ ਉਕਤ ਕੁਕਰਮ ਦੀ ਉਨ੍ਹਾਂ ਕੋਲ ਲਿਖਤੀ ਸ਼ਿਕਾਇਤ ਉੱਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਪੁੱਜ ਗਈ ਹੈ ਜਿਸ ਉੱਪਰ ਤੁਰੰਤ ਐਕਸ਼ਨ ਲੈਂਦਿਆਂ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਵਿਚ ਭਾਈ ਸੁਰਜੀਤ ਸਿੰਘ ਕਾਲਾਬੂਲਾ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਸੁਰਜੀਤ ਸਿੰਘ ਤੁਗਲਵਾਲ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਦੋ ਹਫਤਿਆਂ ਵਿਚ ਨਿਰਪੱਖ ਜਾਂਚ ਕਰਕੇ ਰਿਪੋਰਟ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਦੇਣਗੇ। ਰਿਪੋਰਟ ਦੇ ਸਿੱਟੇ ਮੁਤਾਬਕ ਗੁਰਮਰਿਆਦਾ ਅਨੁਸਾਰ ਕਸੂਰਵਾਰ ਪਾਏ ਜਾਣ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।


Related News