ਸੰਤੋਖ ਚੌਧਰੀ ਵੱਲੋਂ ਸਿਵਲ ਹਸਪਤਾਲ ਦੇ ਬਰਨ ਯੂਨਿਟ ਨੂੰ ਅਪਗ੍ਰੇਡ ਕਰਨ ਦਾ ਐਲਾਨ

01/17/2018 3:27:11 PM

ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੰਗਲਵਾਰ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਵਿਚ ਖਾਸ ਤੌਰ 'ਤੇ ਬਣੇ ਬਰਨ ਯੂਨਿਟ ਦੀ ਕਾਰਜ ਪ੍ਰਣਾਲੀ ਨੂੰ ਪਰਖਿਆ। ਚੌਧਰੀ ਸੰਤੋਖ ਸਿੰਘ ਥੈਲੇਸੀਮੀਆ ਵਾਰਡ ਵਿਚ ਵੀ ਗਏ ਅਤੇ ਉਥੇ ਕਮੀਆਂ ਨੂੰ ਦੇਖਿਆ। 
ਸੰਤੋਖ ਸਿੰਘ ਨੇ ਬਰਨ ਯੂਨਿਟ ਨੂੰ ਸਰਕਾਰ ਦੀ ਨਵੀਂ ਨੀਤੀ ਦੇ ਤਹਿਤ ਜਲਦੀ ਅਪਗ੍ਰੇਡ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਨਵੇਂ ਉਪਕਰਨ ਲਿਆਉਣ ਦੀ ਜ਼ਰੂਰਤ ਹੈ ਅਤੇ ਨਾਲ ਹੀ ਮੁਢਲੇ ਢਾਂਚੇ ਨੂੰ ਮਜ਼ਬੂਤ ਬਣਾਉਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਬਰਨ ਯੂਨਿਟ ਵਿਚ ਆਉਣ ਵਾਲੇ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਇਸ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਹਸਪਤਾਲ ਵਿਚ ਪੂਰੀ ਤਰ੍ਹਾਂ ਮੁਢਲਾ ਢਾਂਚਾ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। 
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਉਹ ਸੰਸਦ ਫੰਡ 'ਚੋਂ ਬਰਨ ਯੂਨਿਟ ਲਈ ਉਪਕਰਨ ਖਰੀਦਣ ਲਈ ਸਹਿਯੋਗ ਦੇਣ ਲਈ ਤਿਆਰ ਹਨ। ਉਨ੍ਹਾਂ ਨੇ ਥੈਲੇਸੀਮੀਆ ਵਾਰਡ ਵਿਚ ਜਾ ਕੇ ਲੋਕਾਂ ਕੋਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਆਪਣੀ ਮਰਜ਼ੀ ਨਾਲ ਖੂਨ ਦਾਨ ਕਰਨ ਵਾਲਿਆਂ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਬਰਨ ਯੂਨਿਟ ਲਈ ਭਾਰਤ ਸਰਕਾਰ ਕੋਲੋਂ ਉਨ੍ਹਾਂ ਨੇ ਲਗਭਗ 6-7 ਲੱਖ ਦੀ ਰਾਸ਼ੀ ਮਨਜ਼ੂਰ ਕਰਵਾ ਦਿੱਤੀ ਹੈ, ਜਿਸ ਨਾਲ ਬਰਨ ਯੂਨਿਟ ਵਿਚ ਕਿਊਬਿਕਲ ਬਣਾਏ ਜਾਣਗੇ। ਇਸੇ ਤਰ੍ਹਾਂ ਥੈਲੇਸੀਮੀਆ ਵਾਰਡ ਵਿਚ ਬਲੱਡ ਨੂੰ ਵੱਖਰਾ ਕਰਨ ਦੇ ਉਪਕਰਨ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਕਾਂਗਰਸੀ ਸੰਸਦ ਮੈਂਬਰ ਦੇ ਨਾਲ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਤੇ ਨਵੇਂ ਚੁਣੇ ਕੌਂਸਲਰ ਜਗਦੀਸ਼ ਰਾਜਾ ਅਤੇ ਹੋਰ ਵਾਲੰਟੀਅਰਜ਼ ਵੀ ਸਨ।


Related News