ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਵੱਧ ਰਿਹਾ ਰੇਤ ਮਾਫੀਆ ਦਾ ਧੰਦਾ (ਤਸਵੀਰਾਂ)

08/18/2017 11:01:25 AM


ਫਿਰੋਜ਼ਪੁਰ/ਮਮਦੋਟ(ਜਸਵੰਤ, ਸ਼ਰਮਾ, ਬਿੱਟੂ) - ਜ਼ਿਲੇ ਅੰਦਰ ਰੇਤ ਦਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਰੋਜ਼ਾਨਾ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਤਰੀਕੇ ਨਾਲ ਮਾਈਨਿੰਗ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਰਗੜਾ ਲਗਾ ਰਹੇ ਹਨ। ਜ਼ਿਆਦਾਤਰ ਇਹ ਕੰਮ ਫਿਰੋਜ਼ਪੁਰ ਸ਼ਹਿਰੀ ਹਲਕੇ ਅਧੀਨ ਆਉਂਦੇ ਪਿੰਡ ਵਾਹਕਾ ਮੋੜ ਤੇ ਅੱਕੂ ਵਾਲਾ ਦੀ ਖੱਡਾਂ 'ਚ ਹੋ ਰਿਹਾ ਹੈ। ਜਦ ਅੱਜ ''ਜਗ ਬਾਣੀ'' ਦੀ ਟੀਮ ਵੱਲੋਂ ਉਕਤ ਖੱਡਾਂ ਦਾ ਦੌਰਾ ਕੀਤਾ ਗਿਆ ਤਾਂ ਸੈਂਕੜੇ ਦੀ ਗਿਣਤੀ 'ਚ ਟਰਾਲੇ, ਟਿੱਪਰ ਆਪਣੀ ਵਾਰੀ ਦੀ ਉਡੀਕ 'ਚ ਲੰਮੀ ਕਤਾਰ ਲਗਾ ਕੇ ਖੜ੍ਹੇ ਸਨ। 

PunjabKesari
''ਜਗ ਬਾਣੀ'' ਦੀ ਟੀਮ ਨੂੰ ਦੇਖਦਿਆਂ ਹੀ ਠੇਕੇਦਾਰਾਂ ਦੇ ਕਰਿੰਦੇ ਪੋਕਲੇਨ ਮਸ਼ੀਨਾਂ ਛੱਡ ਕੇ ਖੱਡ ਵਿਚੋਂ ਭੱਜ ਨਿਕਲੇ। ਪੋਕਲੇਨ ਮਸ਼ੀਨਾਂ ਨਾਲ ਰੇਤਾਂ ਦੀ ਖੱਡ ਨੂੰ 50 ਫੁੱਟ ਤੱਕ ਡੂੰਘਾ ਪੁੱਟਿਆ ਜਾ ਚੁੱਕਿਆ ਸੀ ਅਤੇ ਧਰਤੀ ਹੇਠੋਂ ਨਿਕਲਿਆ ਪਾਣੀ ਸਾਫ ਨਜ਼ਰ ਆ ਰਿਹਾ ਸੀ। ਨਿਯਮਾਂ ਮੁਤਾਬਿਕ ਰੇਤ ਦੀ ਖੱਡ ਨੂੰ 10 ਤੋਂ 12 ਫੁੱਟ ਤੋਂ ਡੂੰਘਾ ਨਹੀਂ ਕੀਤਾ ਜਾ ਸਕਦਾ ਅਤੇ ਪੋਕਲੇਨ ਮਸ਼ੀਨਾਂ ਦੀ ਵਰਤੋਂ ਵੀ ਨਹੀਂ ਕੀਤੀ ਜਾ ਸਕਦੀ। ਵਿਭਾਗੀ ਨਿਯਮਾਂ ਮੁਤਾਬਿਕ ਜਿਸ ਜ਼ਮੀਨ ਵਿਚੋਂ ਰੇਤਾਂ ਦੀ ਨਿਕਾਸੀ ਕਰਨੀ ਹੁੰਦੀ ਹੈ, ਉਸਦੀ ਮਾਰਕਿੰਗ ਕਰ ਕੇ ਸਾਈਡਾਂ 'ਤੇ ਪਿੱਲਰ ਤੇ ਝੰਡੀਆਂ ਲਾਉਣੀਆਂ ਜ਼ਰੂਰੀ ਹਨ ਅਤੇ ਕੰਢੇ 'ਤੇ ਸਬੰਧਤ ਠੇਕੇਦਾਰ ਦਾ ਨਾਂ, ਫਰਮ ਦਾ ਨਾਂ ਅਤੇ ਮੋਬਾਇਲ ਨੰ. ਬੋਰਡ 'ਤੇ ਲਿਖਿਆ ਹੋਣਾ ਜ਼ਰੂਰੀ ਹੈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰੀ ਅਧੀਨ ਆਉਂਦੇ ਪਿੰਡ ਵਾਹਕੇ ਦੇ ਨਜ਼ਦੀਕ ਸਤਲੁਜ ਦਰਿਆ ਦੇ ਬੰਨ੍ਹ ਦੇ ਬਿਲਕੁਲ ਨਜ਼ਦੀਕ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਕਰ ਕੇ ਰੇਤ ਮਾਫੀਆ ਵੱਲੋਂ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ। ਜਦ ਕਿ ਸਭ ਕੁਝ ਜਾਣਦੇ ਹੋਏ ਵੀ ਮਾਈਨਿੰਗ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਤੇ ਵਿਭਾਗ ਵੱਲੋਂ ਅਖਬਾਰਾਂ 'ਚ ਲੱਗੀਆਂ ਖਬਰਾਂ ਤੋਂ ਬਾਅਦ ਛੋਟੀਆਂ-ਮੋਟੀਆਂ ਕਾਰਵਾਈਆਂ ਕਰ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ।

PunjabKesari

ਓਵਰਲੋਡ ਟਿੱਪਰ-ਟਰਾਲਿਆਂ ਨਾਲ ਸੜਕਾਂ ਦਾ ਹੋ ਰਿਹਾ ਬੁਰਾ ਹਾਲ 
ਸਤਲੁਜ ਦਰਿਆ ਦੀ ਮਾਰ ਝੱਲ ਰਹੇ ਬਾਰਡਰ ਪੱਟੀ ਦੇ ਲੋਕ ਪਹਿਲਾਂ ਹੀ ਵੱਡੀਆਂ ਮੁਸੀਬਤਾਂ ਝੱਲ ਰਹੇ ਹਨ ਅਤੇ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਰੇਤ ਮਾਫੀਆ ਵੱਲੋਂ ਕਰੋੜਾਂ ਰੁਪਏ ਇਕੱਠਾ ਕਰਨ ਦੀ ਲਾਲਸਾ ਵਿਚ ਲਿੰਕ ਸੜਕਾਂ ਤੋਂ ਲੰਘਾਏ ਜਾ ਰਹੇ ਟਿੱਪਰ-ਟਰਾਲਿਆਂ ਕਾਰਨ ਸੜਕਾਂ ਧਰਤੀ 'ਚ ਧੱਸ ਰਹੀਆਂ ਹਨ ਪਰ ਸਿਆਸੀ ਡਰ ਕਾਰਨ ਲੋਕ ਅੱਗੇ ਆਉਣ ਨੂੰ ਤਿਆਰ ਨਹੀਂ ਹਨ।

ਹੁਣ ਜੀ. ਐੱਮ. ਮਾਈਨਿੰਗ ਵਿਭਾਗ ਵੀ ਭੱਜਿਆ ਫੋਨ ਚੱਕਣ ਤੋਂ 
ਜਦ ਪਿੰਡ ਵਾਹਕਾ ਮੋੜ ਅਤੇ ਅੱਕੂ ਵਾਲਾ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਮਾਈਨਿੰਗ ਵਿਭਾਗ ਦੇ ਜੀ. ਐੱਮ. ਗੁਰਜੰਟ ਸਿੰਘ ਨੂੰ ਫੋਨ ਕਰ ਕੇ ਪੱਖ ਜਾਣਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਨੂੰ ਕੀਤਾ ਸੂਚਿਤ : ਸੁਖਪਾਲ ਸਿੰਘ ਨੰਨੂੰ
ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਨੰਨੂੰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੈਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਲਿਖਤੀ ਦਰਖਾਸਤ ਦੇ ਕੇ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਸਬੰਧੀ ਮੰਗ ਕਰ ਚੁੱਕਾ ਹਾਂ। ਜੇਕਰ ਰੇਤ ਮਾਫੀਆ ਵੱਲੋਂ ਸਿਆਸੀ ਸ਼ਹਿ 'ਤੇ ਚਲਾਇਆ ਜਾ ਰਿਹਾ ਰੇਤ ਦਾ ਧੰਦਾ ਬੰਦ ਨਾ ਕੀਤਾ ਗਿਆ ਤਾਂ ਪੰਜਾਬ ਕਿਸਾਨ ਮੋਰਚਾ ਭਾਜਪਾ ਇਸ ਵਿਰੁੱਧ ਤਿੱਖਾ ਸੰਘਰਸ਼ ਵਿੱਢੇਗਾ।


Related News