ਤਨਖਾਹ ਵਾਧੇ ਦੀ ਮੰਗ ਕਰ ਰਹੇ ਦਿਹਾਤੀ ਡਾਕ ਸੇਵਕਾਂ ਨੇ ਕੱਢਿਆ ਰੋਸ ਮਾਰਚ

08/18/2017 7:22:08 AM

ਜਲੰਧਰ, (ਪੁਨੀਤ)- 15 ਤੋਂ 12 ਹਜ਼ਾਰ ਤੱਕ ਤਨਖਾਹ ਲੈ ਰਹੇ ਦਿਹਾਤੀ ਡਾਕ ਸੇਵਕਾਂ ਨੇ ਤਨਖਾਹ ਵਿਚ ਵਾਧਾ ਕਰਕੇ ਘੱਟੋ-ਘੱਟ 18 ਹਜ਼ਾਰ ਰੁਪਏ ਕਰਨ ਦੀ ਮੰਗ ਨੂੰ ਲੈ ਕੇ ਅੱਜ ਰੋਸ ਮਾਰਚ ਕੱਢਿਆ ਤੇ ਕੇਂਦਰ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤਾ। ਮੰਗਾਂ ਨਾ ਮੰਨਣ ਦੀ ਸਥਿਤੀ ਵਿਚ ਚੋਣਾਂ ਵਿਚ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਆਲ ਇੰਡੀਆ ਦਿਹਾਤੀ ਡਾਕ ਸੇਵਕ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਉਹ ਆਰਥਿਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹਨ ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਹੈ। ਕੰਪਨੀ ਬਾਗ ਚੌਕ ਤੋਂ ਰੋਸ ਮਾਰਚ ਕੱਢਦਿਆਂ ਕਰਮਚਾਰੀ ਸ਼ਾਸਤਰੀ ਮਾਰਕੀਟ ਤੋਂ ਡੀ. ਸੀ. ਦਫਤਰ ਹੁੰਦੇ ਹੋਏ ਵਾਪਸ ਪਰਤੇ।  
ਬੀਤੇ ਦਿਨ ਸ਼ੁਰੂ ਹੋਈ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਦੂਜੇ ਦਿਨ ਵਿਚ ਦਾਖਲ ਹੋ ਗਈ, ਜਿਸ ਨਾਲ ਪੇਂਡੂ ਇਲਾਕਿਆਂ ਵਿਚ ਡਾਕ ਸੇਵਾ ਨੂੰ ਲੈ ਕੇ ਪਬਲਿਕ ਨੂੰ ਪ੍ਰੇਸ਼ਾਨੀ ਝੱਲਣੀ ਪਈ। ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਗ੍ਰੈਚੂਟੀ ਤੇ ਹੋਰ ਭੱਤਿਆਂ ਵਿਚ ਵਾਧਾ ਕੀਤਾ ਜਾਵੇ ਤੇ 10 ਸਾਲਾਂ ਤੋਂ ਕੰਮ ਕਰ ਰਹੇ ਦਿਹਾਤੀ ਡਾਕ ਸੇਵਕਾਂ ਨੂੰ ਵਿਭਾਗ ਵਿਚ ਪੱਕੇ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ। ਦਫਤਰਾਂ ਵਿਚ ਬਿਜਲੀ ਦੀ ਮੰਗ ਦੇ ਨਾਲ-ਨਾਲ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਲਈ ਮੈਡੀਕਲ ਲਾਭ ਦੀ ਮੰਗ ਰੱਖੀ। ਇਸ ਮੌਕੇ ਮੱਖਣ ਸਿੰਘ, ਕਰਨਜੀਤ, ਗੁਰਦਿਆਲ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ ਤੇ ਹੋਰ ਵੀ ਮੌਜੂਦ ਸਨ।


Related News