ਪੇਂਡੂ ਮਜ਼ਦੂਰ ਯੂਨੀਅਨ ਨੇ ਬੀ. ਡੀ. ਪੀ. ਓ. ਦਫਤਰ ਮੂਹਰੇ ਦਿੱਤਾ ਧਰਨਾ

06/24/2017 3:21:52 AM

ਢਿੱਲਵਾਂ, (ਜਗਜੀਤ)- ਪੰਜਾਬ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਉਸ ਵਕਤ ਸਾਹਮਣੇ ਆਇਆ, ਜਦੋਂ ਸੈਫਲਾਬਾਦ ਵਿਖੇ 183 ਗਰੀਬ ਪਰਿਵਾਰਾਂ ਦੇ 5-5 ਮਰਲੇ ਪਲਾਟ ਜਿਨ੍ਹਾਂ 'ਤੇ ਗਰੀਬ ਪਰਿਵਾਰ ਕਾਬਜ਼ ਹਨ, ਦੀ ਵੀ ਬੀ. ਡੀ. ਪੀ. ਓ. ਢਿੱਲਵਾਂ ਦੀ ਅਗਵਾਈ ਹੇਠ ਚੁੱਪ-ਚੁੱਪੀਤੇ ਹੀ ਬੋਲੀ ਕਰਵਾ ਦਿੱਤੀ ਗਈ।
ਇਹ ਪ੍ਰਗਟਾਵਾ ਅੱਜ ਬੀ. ਡੀ. ਪੀ. ਓ. ਦਫਤਰ ਢਿੱਲਵਾਂ ਘੁੱਲੂਵਾਲ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ ਦਾ ਗਰੀਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ । ਉਨ੍ਹਾਂ ਸਰਕਾਰ ਦੀ ਵਿਰੋਧੀ ਨੀਤੀ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਕਿਸਾਨਾਂ ਦੇ ਕਰਜ਼ੇ ਤਾਂ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਹੈ ਪ੍ਰੰਤੂ ਪੇਂਡੂ ਮਜ਼ਦੂਰਾਂ ਦੇ ਕਰਜ਼ੇ ਤਾਂ ਕੀ ਮੁਆਫ ਕਰਨੇ ਸਨ, ਉਨ੍ਹਾਂ ਤੋਂ ਪਲਾਟਾਂ ਦੇ ਕਬਜ਼ੇ ਵਾਲੀਆਂ ਥਾਵਾਂ ਵੀ ਧੱਕੇ ਅਤੇ ਅਫਸਰਸ਼ਾਹੀ ਰਾਹੀਂ ਖੋਹ ਰਹੇ ਹਨ, ਗਰੀਬ ਵਰਗ ਤੇ ਪੇਂਡੂ ਮਜ਼ਦੂਰ ਯੂਨੀਅਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ ਤੇ ਇਨਸਾਫ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੈ ।
ਇਸ ਰੋਸ ਧਰਨੇ ਨੂੰ ਨਿਰਮਲ ਸਿੰਘ ਸ਼ੇਰਪੁਰ ਸਿੱਧਾ ਜਨਰਲ ਸਕੱਤਰ ਪਿਆਰਾ ਸਿੰਘ ਜ਼ਿਲਾ ਕਪੂਰਥਲਾ ਕਮੇਟੀ ਮੈਂਬਰ ਅਮਰਜੀਤ ਸਿੰਘ ਜਵਾਲਾਪੁਰ, ਬੀਬੀ ਕਮਲ ਸੈਫਲਾਬਾਦ, ਸੁਰਜੀਤ ਸਿੰਘ ਖਾਨਪੁਰ, ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਰਣਜੀਤ ਸਿੰਘ ਦੇਸਲ, ਕਿਰਤੀ ਕਿਸਾਨ ਯੂਨੀਅਨ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਬਾਜਵਾ ਅਤੇ ਹੋਰ ਆਗੂ ਨੇ ਕਿਹਾ ਕਿ ਸੈਫਲਾਬਾਦ ਦੀ ਪੰਚਾਇਤ ਦੀ ਨੱਬੇ ਏਕੜ ਜ਼ਮੀਨ ਹੈ, ਜਿਸ 'ਚੋਂ ਸਿਰਫ ਸੱਠ ਏਕੜ ਜ਼ਮੀਨ ਦੀ ਬੋਲੀ ਕਰਵਾਈ ਜਾਂਦੀ ਹੈ ਤੇ ਬਾਕੀ ਜ਼ਮੀਨ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ।  ਉਨ੍ਹਾਂ ਬੀ. ਡੀ. ਪੀ. ਓ. ਢਿੱਲਵਾਂ ਦੀ ਧੱਕਸ਼ਾਹੀ ਵਿਰੋਧੀ ਦੋਸ਼ ਲਗਾਇਆ ਕਿ ਪਿੰਡ ਦੇ ਲੋਕਾਂ ਨੇ ਪੇਂਡੂ ਯੂਨੀਅਨ ਦੇ ਸਹਿਯੋਗ ਨਾਲ ਰੱਖੀ ਪੰਚਾਇਤੀ ਜ਼ਮੀਨ ਜਿਸ 'ਤੇ ਗਰੀਬ ਵਰਗ ਕਾਬਜ਼ ਹੈ, ਰੱਦ ਕਰਵਾ ਦਿੱਤੀ ਸੀ ਪਰ ਬੀ. ਡੀ. ਪੀ. ਓ. ਢਿੱਲਵਾਂ ਵਲੋਂ ਫਿਰ ਬੋਲੀ ਕਰਵਾ ਦਿੱਤੀ ਹੈ , ਜੋ ਕਿ ਗਰੀਬਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਬੋਲੀ 'ਚ ਗਰੀਬ ਵਰਗ ਨੂੰ ਪਹਿਲ ਦੇ ਆਧਾਰ 'ਤੇ ਨਿਯਮਾਂ ਅਨੁਸਾਰ ਬਣਦਾ ਹੱਕ ਹੈ, ਜੋ ਕਿ ਦਿੱਤਾ ਜਾਣਾ ਚਾਹੀਦਾ ਹੈ ਪਰ ਇਨ੍ਹਾਂ ਨਿਯਮਾਂ ਦੇ ਉਲਟ ਬੋਲੀ ਕਰਵਾ ਦਿੱਤੀ ਗਈ ।
ਕੀ ਕਹਿੰਦੇ ਹਨ ਬੀ. ਡੀ. ਪੀ. ਓ.
ਇਸ ਸੰਬੰਧੀ ਜਦੋਂ ਬੀ. ਡੀ. ਪੀ. ਓ. ਢਿੱਲਵਾਂ ਸੇਵਾ ਸਿੰਘ ਨਾਲ ਉਨ੍ਹਾਂ ਦੇ ਦਫਤਰ 'ਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਸੈਫਲਾਬਾਦ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਗ੍ਰਾਮ ਪੰਚਾਇਤ ਸੈਫਲਾਬਾਦ ਵਲੋਂ ਕਰਵਾਈ ਗਈ ਸੀ । ਬੋਲੀਕਾਰ ਵਲੋਂ ਖੁੱਲ੍ਹੀ ਬੋਲੀ ਦੇ ਕੇ ਪੰਚਾਇਤੀ ਜ਼ਮੀਨ ਬੋਲੀ 'ਤੇ ਲਈ ਸੀ, ਜਦੋਂ ਉਨ੍ਹਾਂ ਨੇ ਗਰੀਬਾਂ ਨੂੰ ਗਰੀਬਾਂ ਦੇ ਪਲਾਟਾਂ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 5-5 ਮਰਲੇ ਦੇ ਪਲਾਟ ਸਰਕਾਰ ਵਲੋਂ ਦੇਣ ਹਿੱਤ ਲੋੜਵੰਦ ਜਾਇਜ਼ ਵਿਅਕਤੀਆਂ ਦੇ ਕੇਸ ਡਿਪਟੀ ਕਮਿਸ਼ਨਰ ਕਪੂਰਥਲਾ ਹੇਠ ਬਣੀ ਕਮੇਟੀ ਨੂੰ ਭੇਜੇ ਹੋਏ ਹਨ, ਜਿਨ੍ਹਾਂ ਦੀ ਮਨਜ਼ੂਰੀ ਮਿਲਣ 'ਤੇ ਦੇ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨਾਲ ਬੇਇਨਸਾਫੀ ਜਾਂ ਧੱਕਾ ਨਹੀਂ ਕੀਤਾ ਤੇ ਨਾ ਕਰਾਂਗੇ ਪਰ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਵੀ ਨਹੀਂ ਕਰਨ ਦੇਵਾਂਗੇ । ਬੀ. ਡੀ. ਪੀ. ਓ. ਢਿੱਲਵਾਂ ਨੇ ਦੱਸਿਆ ਕਿ 5-5 ਮਰਲੇ ਦੇ ਪਲਾਟ ਦੇਣ ਸੰਬੰਧੀ ਐੱਸ. ਡੀ. ਐੱਮ. ਦੀ ਚੇਅਰਮੈਨਸ਼ਿਪ ਹੇਠ 5-5 ਮੈਂਬਰੀ ਕਮੇਟੀ ਪਲਾਟ ਦੇਣ ਸੰਬੰਧੀ ਫੈਸਲਾ ਕਰਦੀ ਹੈ, ਉਨ੍ਹਾਂ ਦੀ ਮਨਜ਼ੂਰੀ ਹਿੱਤ ਪਲਾਟ ਕੀਤੇ ਜਾਂਦੇ ਹਨ।  ਅੱਜ ਦੇ ਰੋਸ ਧਰਨੇ 'ਚ ਸੈਫਲਾਬਾਦ ਤੇ ਖਾਨਪੁਰ ਪਿੰਡਾਂ ਦੇ ਗਰੀਬ ਵਰਗ ਦੀਆਂ ਔਰਤਾਂ ਤੇ ਮਰਦ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ।  


Related News