ਜ਼ਮੀਨ ਵਿਕਰੀ ਦੇ ਮਾਮਲਿਆਂ ''ਚ ਮਾਰੀ 68 ਲੱਖ ਰੁਪਏ ਦੀ ਠੱਗੀ

08/17/2017 1:35:33 AM

ਮੋਗਾ,   (ਆਜ਼ਾਦ)-  ਇੰਦਰ ਸਿੰਘ ਗਿੱਲ ਨਗਰ ਮੋਗਾ ਹਰਿੰਦਰ ਸਿੰਘ ਗਿੱਲ ਨੇ ਜ਼ਮੀਨ ਵਿਕਰੀ ਦੇ ਮਾਮਲੇ 'ਚ ਕੁਝ ਅਣਪਛਾਤੇ ਵਿਅਕਤੀਆਂ 'ਤੇ ਮਿਲੀਭੁਗਤ ਕਰ ਕੇ 60 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਮੋਗਾ ਦੇ ਨਜ਼ਦੀਕੀ ਪਿੰਡ ਕਪੂਰੇ ਨਿਵਾਸੀ ਇਕ ਐੱਨ. ਆਰ. ਆਈ. ਬਜ਼ੁਰਗ ਦੀ 10 ਏਕੜ ਜ਼ਮੀਨ ਪਿੰਡ 'ਚ ਸਥਿਤ ਹੈ, ਜਿਸ ਦੀ ਦੇਖਭਾਲ ਗੁਰਪ੍ਰੀਤ ਸਿੰਘ ਅਤੇ ਹੋਰਨਾਂ ਵੱਲੋਂ ਕੀਤੀ ਜਾਂਦੀ ਸੀ, ਜਿਸ ਕਾਰਨ ਉਕਤ ਬਜ਼ੁਰਗ ਨੇ 10 ਏਕੜ ਜ਼ਮੀਨ ਦੀ ਗੁਰਪ੍ਰੀਤ ਸਿੰਘ ਅਤੇ ਹੋਰਨਾਂ ਦੇ ਨਾਂ ਕਰਵਾ ਦਿੱਤੀ ਸੀ। ਉਕਤ ਜ਼ਮੀਨ 'ਚੋਂ ਉਨ੍ਹਾਂ 5 ਏਕੜ ਜ਼ਮੀਨ ਹਰਿੰਦਰ ਸਿੰਘ ਗਿੱਲ ਪੁੱਤਰ ਬਲਵੰਤ ਸਿੰਘ ਨੂੰ 16 ਸਤੰਬਰ, 2015 ਨੂੰ 60 ਲੱਖ ਰੁਪਏ ਲੈ ਕੇ ਵੇਚ ਦਿੱਤੀ ਸੀ ਪਰ ਐੱਨ. ਆਰ. ਆਈ. ਬਜ਼ੁਰਗ ਦੇ ਬੇਟਿਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਉਕਤ ਜ਼ਮੀਨ ਦੀ ਹੋਈ ਰਜਿਸਟਰੀ ਸਬੰਧੀ ਉੱਚ ਅਧਿਕਾਰੀਆਂ ਤੋਂ ਇਲਾਵਾ ਮਾਲ ਵਿਭਾਗ ਨੂੰ ਸ਼ਿਕਾਇਤ ਪੱਤਰ ਦਿੱਤਾ ਅਤੇ ਕਿਹਾ ਕਿ ਉਕਤ ਰਜਿਸਟਰੀ ਗਲਤ ਅਤੇ ਧੋਖੇ ਨਾਲ ਕਰਵਾਈ ਗਈ ਹੈ। ਜਾਂਚ ਤੋਂ ਬਾਅਦ ਮਾਲ ਵਿਭਾਗ ਵੱਲੋਂ ਉਕਤ 10 ਏਕੜ ਜ਼ਮੀਨ ਦੀ ਰਜਿਸਟਰੀ ਨੂੰ ਰੱਦ ਕਰ ਦਿੱਤਾ ਗਿਆ ਪਰ ਉਕਤ ਜ਼ਮੀਨ ਦਾ ਵਿਵਾਦ ਹੋਣ ਕਾਰਨ ਖਰੀਦਦਾਰ ਹਰਿੰਦਰ ਸਿੰਘ ਗਿੱਲ ਨੂੰ ਜ਼ਮੀਨ ਦਾ ਕਬਜ਼ਾ ਨਾ ਦਿੱਤਾ ਅਤੇ ਨਾ ਹੀ ਦੋਸ਼ੀਆਂ ਨੇ ਉਕਤ ਜ਼ਮੀਨ 'ਚ ਉਸ ਨੂੰ ਜਾਣ ਦਿੱਤਾ। 
ਇਸ ਤਰ੍ਹਾਂ ਉਸ ਨੇ ਦੱਸਿਆ ਕਿ ਮੇਰੇ ਨਾਲ ਦੋਸ਼ੀਆਂ ਗੁਰਪ੍ਰੀਤ ਸਿੰਘ, ਚੰਨਣ ਸਿੰਘ ਨੰਬਰਦਾਰ ਚੁਗਾਵਾਂ ਅਤੇ ਕਰਨੈਲ ਸਿੰਘ ਵਾਸੀ ਪਿੰਡ ਚੁਗਾਵਾਂ ਨੇ ਦੋਸ਼ੀਆਂ ਨਾਲ ਮਿਲੀਭੁਗਤ ਕਰ ਕੇ ਮੇਰੇ ਨਾਲ 60 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ ਅਤੇ ਉਨ੍ਹਾਂ ਮੈਨੂੰ ਇਹ ਜਾਣਦੇ ਹੋਏ ਵੀ ਉਕਤ ਜ਼ਮੀਨ ਦਾ ਵਿਵਾਦ ਹੈ, ਜ਼ਮੀਨ ਦੀ ਰਜਿਸਟਰੀ ਜਾਣ-ਬੁੱਝ ਕੇ ਕਰਵਾਈ ਹੈ ਅਤੇ ਮੇਰੇ ਨਾਲ ਧੋਖਾ ਕੀਤਾ, ਜਿਸ 'ਤੇ ਮੈਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦੇ ਕੇ ਇਨਸਾਫ ਦੀ ਗੁਹਾਰ ਲਾਈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। 
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦੋਸ਼ੀਆਂ ਖਿਲਾਫ ਹਰਿੰਦਰ ਸਿੰਘ ਗਿੱਲ ਦੀ ਸ਼ਿਕਾਇਤ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹ ਮਾਮਲੇ ਦੀ ਜਾਂਚ ਕਰਨ ਤੋਂ ਇਲਾਵਾ ਮਾਲ ਵਿਭਾਗ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੇ ਹਨ ਤਾਂ ਕਿ ਸੱਚਾਈ ਦਾ ਪਤਾ ਚੱਲ ਸਕੇ।
ਮੋਗਾ, (ਆਜ਼ਾਦ)-ਦਾਣਾ ਮੰਡੀ ਮੋਗਾ 'ਚ ਆੜ੍ਹਤ ਦੀ ਦੁਕਾਨ ਕਰਦੇ ਅਸ਼ਵਨੀ ਕੁਮਾਰ ਨੇ ਡਰੋਲੀ ਭਾਈ ਨਿਵਾਸੀ ਕਿਸਾਨ 'ਤੇ ਕੁਝ ਹੋਰ ਲੋਕਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਜ਼ਮੀਨ ਵਿਕਰੀ ਦੇ ਮਾਮਲੇ 'ਚ ਉਸ ਦੇ ਨਾਲ 8 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਇਲਾਵਾ ਉਕਤ ਜ਼ਮੀਨ ਨੂੰ ਕਿਸੇ ਹੋਰ ਔਰਤ ਨੂੰ ਵੇਚਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। 

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਅਸ਼ਵਨੀ ਕੁਮਾਰ ਪੁੱਤਰ ਮਦਨ ਲਾਲ ਨੇ ਦੱਸਿਆ ਕਿ ਦੋਸ਼ੀ ਕਿਸਾਨ ਆਤਮਾ ਸਿੰਘ ਪੁੱਤਰ ਭਗਵਾਨ ਸਿੰਘ ਸਾਡੀ ਆੜ੍ਹਤ 'ਤੇ ਆਪਣੀ ਫਸਲ ਦੀ ਵਿਕਰੀ ਕਰਦਾ ਸੀ ਅਤੇ ਸਾਡਾ ਪੈਸਿਆਂ ਦਾ ਲੈਣ-ਦੇਣ ਚੱਲਦਾ ਰਹਿੰਦਾ ਸੀ। ਆਤਮਾ ਸਿੰਘ ਜ਼ਿਆਦਾਤਰ ਜ਼ਮੀਨ ਠੇਕੇ 'ਤੇ ਲੈ ਕੇ ਬਿਜਾਈ ਕਰਦਾ ਸੀ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੇ ਉਨ੍ਹਾਂ ਨੂੰ ਨਵੰਬਰ 2016 'ਚ ਕਿਹਾ ਸੀ ਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ, ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣਾ ਹੈ, ਜਿਸ ਕਰ ਕੇ ਉਹ ਆਪਣੀ ਜ਼ਮੀਨ ਵੇਚਣਾ ਚਾਹੁੰਦਾ ਹੈ।  ਉਸ ਨੇ ਮੇਰੇ ਨਾਲ ਅਪਣੀ ਪਿੰਡ ਡਰੋਲੀ ਭਾਈ ਸਥਿਤ ਜ਼ਮੀਨ, ਜੋ 9 ਕਨਾਲ 6 ਮਰਲੇ, ਦਾ ਇਕਰਾਰਨਾਮਾ 15 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 1 ਦਸੰਬਰ, 2016 ਨੂੰ ਨੋਟਰੀ ਵੱਲੋਂ ਤਸਦੀਕ ਕਰ ਕੇ ਕਰ ਲਿਆ ਗਿਆ ਅਤੇ ਮੈਂ ਉਸ ਨੂੰ 8 ਲੱਖ ਰੁਪਏ ਦਾ ਚੈੱਕ ਓ. ਬੀ. ਸੀ. ਬੈਂਕ ਰੇਲਵੇ ਰੋਡ ਮੋਗਾ ਦਾ ਉਸ ਦੇ ਪੱਖ ਵਿਚ ਬਣਾ ਕੇ ਉਸ ਨੂੰ ਦੇ ਦਿੱਤਾ। ਰਜਿਸਟਰੀ ਦੀ ਤਰੀਕ 1 ਦਸੰਬਰ, 2017 ਤੈਅ ਕੀਤੀ ਗਈ ਪਰ ਉਸ ਤੋਂ ਬਾਅਦ ਦੋਸ਼ੀ ਆਤਮਾ ਸਿੰਘ ਨੇ ਆਪਣੀ 10 ਕਨਾਲ ਜ਼ਮੀਨ 8 ਲੱਖ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 17 ਅਪ੍ਰੈਲ, 2017 ਨੂੰ ਚਰਨਜੀਤ ਕੌਰ ਨਿਵਾਸੀ ਪਿੰਡ ਡਰੋਲੀ ਭਾਈ ਦੇ ਨਾਲ ਕਰ ਕੇ ਉਕਤ ਜਗ੍ਹਾ ਦੀ ਰਜਿਸਟਰੀ ਉਸ ਨੂੰ ਕਰਵਾ ਦਿੱਤੀ ਅਤੇ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਦੋਸ਼ੀ ਟਾਲ-ਮਟੋਲ ਕਰਨ ਲੱਗਾ। ਅਸੀਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਦੋਸ਼ੀ ਨੇ ਸਾਡੇ ਨਾਲ ਧੋਖਾਦੇਹੀ ਕੀਤੀ ਹੈ ਅਤੇ ਹੁਣ ਉਹ ਮੈਨੂੰ ਧਮਕੀਆਂ ਦੇ ਰਿਹਾ ਹੈ ਕਿ ਮੇਰੀ ਉੱਚ ਪੁਲਸ ਅਧਿਕਾਰੀਆਂ ਤੱਕ ਪਹੁੰਚ ਹੈ। ਉਹ ਉਸ ਨੂੰ ਕਿਸੇ ਝੂਠੇ ਕੇਸ 'ਚ ਫਸਾ ਦੇਵੇਗਾ। ਅਸੀਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਹਨ। 

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਆਈ. ਮੋਗਾ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਸਾਰੇ ਰਿਕਾਰਡ ਦੀ ਪੜਤਾਲ ਵੀ ਕੀਤੀ ਅਤੇ ਇਸ ਦੌਰਾਨ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਉਕਤ ਮਾਮਲੇ 'ਚ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਦੋਸ਼ੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਹੌਲਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ ਅਤੇ ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News