ਦੇਖੋ ਕਿਵੇਂ ਅੰਮ੍ਰਿਤਸਰ ਦੇ ਪਾਸ਼ ਇਲਾਕੇ ''ਚ ਲੁਟੇਰਿਆਂ ਨੇ ਸ਼ਰਮਸਾਰ ਕੀਤੀ ਇਨਸਾਨੀਅਤ

01/17/2018 11:12:00 PM

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਪਾਸ਼ ਇਲਾਕੇ ਗ੍ਰੀਨ ਐਵੇਨਿਊ ਵਿਚ ਇਕ ਦਿਲ-ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਇਕ ਮਹਿਲਾ ਦਾ ਪਰਸ ਖੋਹ ਕੇ ਫਰਾਰ ਹੋ ਗਏ। ਇਸ ਖਿੱਚ-ਧੂਹ ਦੌਰਾਨ ਮਹਿਲਾ ਅਤੇ ਉਸਦੇ ਕੁੱਛੜ ਚੁੱਕਿਆ ਮਾਸੂਮ ਬੱਚਾ ਸੜਕ 'ਤੇ ਡਿੱਗ ਪਏ ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ ਹਨ।
ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਮਹਿਲਾ ਆਪਣੇ ਬੱਚੇ ਨਾਲ ਘਰ ਵੱਲ ਨੂੰ ਜਾ ਰਹੀ ਸੀ, ਇਨ੍ਹੇ 'ਚ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਮਹਿਲਾ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਖਿੱਚ-ਧੂਹ ਦੌਰਾਨ ਮਹਿਲਾ ਆਪਣੇ ਬੱਚੇ ਸਮੇਤ ਸੜਕ 'ਤੇ ਡਿੱਗ ਗਈ।
ਉਧਰ ਮੌਕੇ 'ਤੇ ਪੁੱਜੀ ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ, ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਪਾਸ਼ ਇਲਾਕੇ 'ਚ ਇਹ ਵਾਰਦਾਤ ਹੋਈ ਉਸ ਤੋਂ ਕੁਝ ਦੂਰੀ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਕੋਠੀ ਹੈ, ਹਾਲਾਂਕਿ ਅਰੁਣ ਜੇਤਲੀ ਉਸ ਕੋਠੀ 'ਚ ਨਹੀਂ ਰਹਿੰਦੇ ਹਨ।


Related News