ਪੁਲਸ ਨੂੰ ਚਕਮਾ ਦੇ ਕੇ ਭੱਜ ਗਿਆ ਸੀ ਲੁਟੇਰਾ, ਘਰ ਪੁੱਜ ਖੁਦ ਹੀ ਪੁਲਸ ਨੂੰ ਕੀਤਾ ਫੋਨ ਤੇ ਕਿਹਾ...

08/22/2017 3:33:52 PM

ਜਲੰਧਰ( ਰਾਜੇਸ਼)— ਮਾਡਲ ਟਾਊਨ ਥਾਣੇ ਦੀ ਪੁਲਸ ਨੂੰ ਚਕਮਾ ਦੇ ਕੇ ਭੱਜੇ ਨੌਜਵਾਨ ਨੇ ਖੁਦ ਹੀ ਪੁਲਸ ਨੂੰ ਆਪਣੇ ਬਾਰੇ ਸੂਚਨਾ ਦੇ ਕੇ ਖੁਦ ਨੂੰ ਪੁਲਸ ਹਵਾਲੇ ਕਰਵਾ ਦਿੱਤਾ। ਨੌਜਵਾਨ ਨੇ ਖੁਦ ਹੀ ਪੁਲਸ ਨੂੰ ਦੱਸਿਆ ਕਿ ਉਹ ਇਸ ਸਮੇਂ ਘਰ ਵਿਚ ਹੈ ਅਤੇ ਉਸ ਨੂੰ ਆ ਕੇ ਲੈ ਜਾਵੋ ਜਿਸ 'ਤੇ ਪੁਲਸ ਅਧਿਕਾਰੀ ਉਸ ਦੇ ਘਰ ਪਹੁੰਚੇ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਨੌਜਵਾਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਫੜਨ ਦਾ ਸਾਰਾ ਕ੍ਰੈਡਿਟ ਪੁਲਸ ਆਪਣੇ ਨਾਂ ਲੈਣ ਲੱਗੀ। ਪੁਲਸ ਇਹ ਕਹਿਣ ਲੱਗੀ ਕਿ ਉਸ ਨੂੰ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਹੈ, ਜਦੋਂ ਕਿ ਲੋਕਾਂ ਵਲੋਂ ਫੜੇ ਗਏ ਲੁਟੇਰਿਆਂ ਨੂੰ ਪੁਲਸ ਨੇ ਆਪਣੀ ਨਾਲਾਇਕੀ ਨਾਲ ਭਜਾਇਆ ਅਤੇ ਫਿਰ ਵਾਹ-ਵਾਹ ਲੁੱਟਣ ਦੇ ਚੱਕਰ ਵਿਚ ਭੱਜੇ ਹੋਏ ਲੁਟੇਰਿਆਂ ਨੂੰ ਫੜਨ ਦਾ ਪੁਲਸ ਦਾਅਵਾ ਕਰਨ ਲੱਗੀ। 
ਜਾਣਕਾਰੀ ਅਨੁਸਾਰ ਥਾਣਾ 6 ਦੀ ਪੁਲਸ ਨੂੰ ਲੋਕਾਂ ਨੇ ਥਾਣਾ ਮਸੰਦ ਚੌਕ ਵਿਚ ਲੁੱਟ ਦੀ ਵਾਰਦਾਤ ਕਰਨ ਦੇ ਦੋਸ਼ ਵਿਚ ਲਖਵਿੰਦਰ ਸਿੰਘ ਉਰਫ ਲਾਡੀ ਵਾਸੀ ਸੰਗਤ ਨਗਰ ਨੂੰ ਕਾਬੂ ਕੀਤਾ ਸੀ, ਜੋ ਬਾਅਦ ਵਿਚ ਥਾਣਾ 6 ਦੇ ਏ. ਐੱਸ. ਆਈ. ਸੁਖਦੇਵ ਸਿੰਘ ਤੇ ਹੌਲਦਾਰ ਬਲਦੇਵ ਸਿੰਘ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਘਰ ਵਿਚ ਛਾਪੇਮਾਰੀ ਕੀਤੀ ਪਰ ਉਹ ਘਰ ਨਹੀਂ ਮਿਲਿਆ। ਪੁਲਸ ਨੇ ਇਸ ਕੇਸ ਵਿਚ ਏ. ਐੱਸ. ਆਈ. ਸੁਖਦੇਵ ਸਿੰਘ ਅਤੇ ਹੌਲਦਾਰ ਬਲਦੇਵ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ ਕਿ ਬੀਤੇ ਦਿਨ ਲਖਵਿੰਦਰ ਲਾਡੀ ਨੇ ਪੁਲਸ ਨੂੰ ਫੋਨ ਕਰਕੇ ਕਿਹਾ ਕਿ ਉਹ ਘਰ ਵਿਚ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਓ। 
ਫੋਨ ਸੁਣ ਕੇ ਪੁਲਸ ਦੇ ਸਾਹ ਵਿਚ ਸਾਹ ਆਇਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਪਰ ਕੁਝ ਦੇਰ ਬਾਅਦ ਥਾਣਾ 6 ਦੀ ਪੁਲਸ ਲਖਵਿੰਦਰ ਲਾਡੀ ਦੀ ਗ੍ਰਿਫਤਾਰੀ ਦਿਖਾ ਕੇ ਕਹਿਣ ਲੱਗੀ ਕਿ ਉਸ ਨੂੰ ਪੁਲਸ ਨੇ ਸਖਤ ਮਿਹਨਤ ਤੋਂ ਬਾਅਦ ਕਾਬੂ ਕੀਤਾ ਹੈ। ਜਿਸ ਗੱਲ ਤੋਂ ਬਾਅਦ ਥਾਣਾ 6 ਦੀ ਪੁਲਸ 'ਤੇ ਇਕ ਵਾਰ ਫਿਰ ਤੋਂ ਸਵਾਲੀਆ ਨਿਸ਼ਾਨ ਲੱਗ ਗਿਆ।


Related News