ਰੋਡਵੇਜ਼ ਦੀ ਬੱਸ ਨੇ ਇਕ ਵਾਰ ਫਿਰ ਪਾਇਆ ਸਵਾਰੀਆਂ ਨੂੰ ਵਖਤ

12/13/2017 1:24:42 AM

ਜਲਾਲਾਬਾਦ(ਮਿੱਕੀ)—ਅੱਧ-ਵਾਟੇ ਖਰਾਬ ਹੋਣ ਕਾਰਨ ਅਕਸਰ ਅਖ਼ਬਾਰਾਂ ਦੀਆਂ ਸੁਰਖੀਆਂ ਬਣੀ ਰੋਡਵੇਜ਼ ਡਿਪੂ ਫਿਰੋਜ਼ਪੁਰ ਦੀ ਬੱਸ ਨੰਬਰ ਪੀ ਬੀ 05 ਐੱਨ 9256 ਨੇ ਬੀਤੀ ਰਾਤ ਇਕ ਵਾਰ ਫਿਰ ਸਵਾਰੀਆਂ ਨੂੰ ਵਖਤ ਪਾ ਦਿੱਤਾ ਅਤੇ ਉਕਤ ਬੱਸ ਵਿਚ ਆਈ ਤਕਨੀਕੀ ਖਰਾਬੀ ਕਾਰਨ ਮਜਬੂਰਨ ਬੱਸ ਚਾਲਕ ਤੇ ਕੰਡਕਟਰ ਨੇ ਰੋਡਵੇਜ਼ ਦੀ ਇਸ ਖਸਤਾ ਹਾਲਤ ਬੱਸ ਨੂੰ ਜਲਾਲਾਬਾਦ ਵਿਖੇ ਹੀ ਬੰਦ ਕਰ ਦਿੱਤਾ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ 7.00 ਵਜੇ ਬੱਸ ਸਟੈਂਡ ਫਾਜ਼ਿਲਕਾ ਤੋਂ ਫਿਰੋਜ਼ਪੁਰ ਲਈ ਰਵਾਨਾ ਹੋਈ ਰੋਡਵੇਜ਼ ਡਿਪੂ ਫਿਰੋਜ਼ਪਰ ਦੀ ਉਕਤ ਬੱਸ 'ਚ ਤਕਨੀਕੀ ਖਰਾਬੀ ਆ ਗਈ ਅਤੇ ਬੱਸ ਚਾਲਕ ਵੱਲੋਂ ਇਸ ਨੂੰ ਫਿਰੋਜ਼ਪੁਰ ਤੱਕ ਲਿਜਾਣ ਦੀ ਬਜਾਏ ਜਲਾਲਾਬਾਦ ਵਿਖੇ ਹੀ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਬੱਸ ਚਾਲਕ ਤੇ ਕੰਡਕਟਰ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਦੱਸਿਆ ਕਿ ਉਕਤ ਬੱਸ, ਜੋ ਕਿ ਅਕਸਰ ਹੀ ਖਰਾਬ ਰਹਿੰਦੀ ਹੈ, ਦੀ ਸਰਵਿਸ ਚੰਗੀ ਤਰ੍ਹਾਂ ਕਰਵਾਉਣ ਜਾਂ ਫਿਰ ਰਾਤ ਨੂੰ ਆਖਰੀ ਸਮੇਂ ਵਧੀਆ ਬੱਸ ਚਲਾਉਣ ਦੀ ਮੰਗ ਉਹ ਰੋਡਵੇਜ਼ ਡਿਪੂ ਫਿਰੋਜ਼ਪੁਰ ਦੇ ਉੱਚ ਅਧਿਕਾਰੀਆਂ ਕੋਲ ਕਈ ਵਾਰ ਕਰ ਚੁੱਕੇ ਹਨ ਪਰ ਸਾਡੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤੇ ਨਾ ਚਾਹੁੰਦਿਆਂ ਵੀ ਸਾਨੂੰ ਇਹ ਖਸਤਾ ਹਾਲਤ ਬੱਸ ਲਿਜਾਣ ਲਈ ਮਜਬੂਰ ਕੀਤਾ ਜਾਂਦਾ ਹੈ, ਜੋ ਕਿ ਕਈ ਵਾਰ ਰਸਤੇ ਵਿਚ ਖਰਾਬ ਹੋਣ ਕਾਰਨ ਸਵਾਰੀਆਂ ਤੇ ਸਾਨੂੰ ਪ੍ਰੇਸ਼ਾਨ ਕਰ ਚੁੱਕੀ ਹੈ। ਇਸ ਦੌਰਾਨ ਮੁਸਾਫਿਰਾਂ ਮਨਦੀਪ ਸਿੰਘ, ਕਾਲਾ, ਵਿਸ਼ੂ, ਰਾਜਨ ਸ਼ਰਮਾ ਆਦਿ ਨੇ ਵੀ ਰੋਡਵੇਜ਼ ਦੀਆਂ ਨਵੀਆਂ ਬੱਸਾਂ ਫਿਰੋਜ਼ਪੁਰ-ਫਾਜ਼ਿਲਕਾ ਮਾਰਗ 'ਤੇ ਚਲਾਉਣ ਦੀ ਮੰਗ ਕੀਤੀ ਹੈ।


Related News