ਪੜ੍ਹਾਈ ਪ੍ਰਤੀ ਇਸ ਬੱਚੀ ਦੇ ਜਨੂੰਨ ਨੂੰ ਹਰ ਕੋਈ ਕਰ ਰਿਹੈ ਸਲਾਮ

12/12/2017 3:00:32 PM

ਮਾਨਸਾ — ਜਦ ਹੌਂਸਲਾ ਬਣਾ ਲਿਆ ਉੱਚੀ ਉਡਾਨ ਦਾ, ਫਿਰ ਫਿਜ਼ੁਲ ਹੈ ਕਦ ਵੇਖਣਾ ਆਸਮਾਨ ਦਾ....। ਸ਼ਾਇਦ ਇਹ ਲਾਈਨ ਮਾਨਸਾ ਦੀ ਮੀਰਾ ਦੇ ਲਈ ਹੀ ਬਣੀ ਸੀ। ਬੋਹਾ ਕਸਬੇ ਦੀ 6 ਸਾਲ ਦੀ ਬੱਚੀ ਹੈ ਮੀਰਾ। ਜੋ ਇਕ ਲੱਤ ਦੇ ਸਹਾਰੇ ਜਦ ਰੋਜ਼ ਸਵਾ ਕਿਲੋਮੀਟਰ ਦੂਰ ਸਕੂਲ ਆਉਂਦੀ-ਜਾਂਦੀ ਹੈ ਤਾਂ ਉਸ ਨੂੰ ਦੇਖਣ ਵਾਲਾ ਉਸ ਦੇ ਜਜ਼ਬੇ ਤੇ ਜਨੂੰਨ ਨੂੰ ਸਲਾਮ ਕਰਦਾ ਹੈ। 
ਬੋਹਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੇ ਟੀਚਰ ਕੁਝ ਮਹੀਨੇ ਪਹਿਲਾਂ ਡਰਾਪ ਆਊਟ ਬੱਚਿਆਂ ਦੇ ਲਈ ਸਰਵੇ ਕਰ ਰਹੇ ਸਨ। ਉਨ੍ਹਾਂ ਦਾ ਮਕਸਦ ਸੀ ਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਸੂਕਲ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਸਕੂਲ 'ਚ ਦਾਖਲ ਕਰਾਇਆ ਜਾ ਸਕੇ। ਉਦੋਂ ਕੁਝ ਦੂਰ ਸਥਿਤ ਝੁੱਗੀਆਂ 'ਚ ਉਨ੍ਹਾਂ ਨੂੰ ਮੀਰਾ ਤੇ ਉਸ ਦੇ ਭਰਾ-ਭੈਣ ਮਿਲੇ। ਮੀਰਾ ਦੀ ਇਕ ਲੱਤ ਨਹੀਂ ਸੀ। ਇਹ ਦੇਖ ਅਧਿਆਪਕਾਂ ਨੂੰ ਖਾਸ ਉਮੀਦ ਨਹੀਂ ਸੀ ਕਿ ਬੱਚੀ ਪੜ੍ਹ ਸਕੇਗੀ ਪਰ ਉਨ੍ਹਾਂ ਨੇ ਤਿੰਨਾਂ ਬੱਚਿਆਂ ਦਾ ਦਾਖਲਾ ਕਰ ਲਿਆ। ਬੱਚਿਆਂ ਦੀ ਵਰਦੀ ਤੇ ਕਿਤਾਬਾਂ ਦਾ ਇੰਤਜ਼ਾਮ ਵੀ ਸਕੂਲ ਵਲੋਂ ਕਰ ਦਿੱਤਾ ਗਿਆ। ਅਧਿਆਪਕਾਂ ਦੇ ਲਈ ਇਹ ਇਕ ਰੂਟੀਨ ਸੀ, ਉਨ੍ਹਾਂ ਨੇ ਸੋਚਿਆ ਕਿ ਬਾਕੀ ਦੋ ਬੱਚੇ ਸਕੂਲ ਆ ਜਾਣਗੇ, ਇਹ ਹੀ ਬਹੁਤ ਹੈ ਪਰ ਅਗਲੇ ਹੀ ਦਿਨ ਇਲਾਕੇ ਦੇ ਲੋਕ ਸਵੇਰੇ ਇਕ ਛੋਟੀ ਜਿਹੀ ਬੱਚੀ ਨੂੰ ਇਕ ਲੱਤ ਨਾ ਹੋਣ ਦੇ ਬਾਵਜੂਦ ਪੂਰੀ ਰਫਤਾਰ ਨਾਲ ਸਕੂਲ ਬੈਗ ਲਏ ਵਰਦੀ 'ਚ ਸਕੂਲ ਜਾਂਦੇ ਦੇਖ ਹੈਰਾਨ ਰਹਿ ਗਏ। 
ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਖੁਦ ਅਪਾਹਜ ਹਨ। ਸੋ ਉਹ ਇਸ ਦਰਦ ਨੂੰ ਬਖੂਬੀ ਸਮਝਦੇ ਹਨ। ਪੜ੍ਹਾਈ ਦੇ ਲਈ ਮੀਰਾ ਦਾ ਜਜ਼ਬਾ ਦੇਖਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਸਟਾਫ ਨੂੰ ਹਿਦਾਇਤ ਦਿੱਤੀ ਕਿ ਇਹ ਹਰ ਹਾਲ 'ਚ ਯਕੀਨੀ ਬਣਾਇਆ ਜਾਵੇ ਕਿ ਮੀਰਾ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਸ ਤੋਂ ਬਾਅਦ ਜਿਵੇਂ-ਜਿਵੇਂ ਦਿਨ ਬੀਤਦੇ ਗਏ ਹਰ ਕੋਈ ਮੀਰਾ ਦੇ ਜਜ਼ਬੇ ਤੇ ਹੌਂਸਲੇ ਦਾ ਮੁਰੀਦ ਬਣਦਾ ਗਿਆ। ਪਹਿਲੀ ਜਮਾਤ 'ਚ ਹੀ ਮੀਰਾ ਦੇ ਨਾਲ ਉਸ ਦਾ ਭਰਾ ਓਮ ਪ੍ਰਕਾਸ਼ ਪੜ੍ਹਦਾ ਹੈ। ਹੁਣ ਮੀਰਾ ਦਾ ਬੈਗ ਲਿਆਉਣ ਤੇ ਲੈ ਜਾਣ ਦੀ ਜ਼ਿੰਮੇਵਾਰੀ ਉਸ ਨੇ ਸੰਭਾਲ ਲਈ ਹੈ। ਇਸ ਉਮਰ 'ਚ ਹੀ ਉਸ ਨੂੰ ਵੱਡੇ ਭਰਾ ਦੀ ਭੂਮਿਕਾ ਦਾ ਅਹਿਸਾਸ ਹੋ ਗਿਆ ਹੈ।
ਮਾਨਸਾ ਦੀ 6 ਸਾਲ ਦੀ ਮੀਰਾ ਦੇ ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ
ਮੀਰਾ ਦੀ ਅਧਿਆਪਕ ਪਰਮਜੀਤ ਕੌਰ ਨੇ ਵੀ ਉਸ ਦੀ ਸਹਾਇਤਾ ਸ਼ੁਰੂ ਕਰ ਦਿੱਤੀ ਹੈ। ਉਹ ਕੋਸ਼ਿਸ਼ ਕਰਦੀ ਹੈ ਕਿ ਜੇਕਰ ਸੰਭਵ ਹੋ ਸਕੇ ਤਾਂ ਉਹ ਆਪਣੀ ਸਕੂਟੀ 'ਤੇ ਮੀਰਾ ਨੂੰ ਸਕੂਲ ਲੈ ਜਾਵੇ ਤੇ ਵਾਪਸੀ 'ਚ ਵੀ ਛੱਡ ਦੇਵੇ ਪਰ ਰੋਜ਼ਾਨਾ ਇਹ ਸੰਭਵ ਨਹੀਂ ਹੋ ਸਕਦਾ। ਪਰਮਜੀਤ ਕੌਰ ਦੱਸਦੀ ਹੈ ਕਿ ਮੀਰਾ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ। 
ਸਕੂਲ ਆਉਣਾ ਮੰਨੋ ਉਸ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਕੰਮ ਹੈ। ਉਸ ਨੂੰ ਸਕੂਲ ਆਉਂਦੇ ਹੋਏ ਸਿਰਫ ਢਾਈ ਮਹੀਨੇ ਹੋਏ ਹਨ ਪਰ ਉਹ ਪੂਰਾ ਮਨ ਲਗਾ ਕੇ ਪੜ੍ਹਦੀ ਹੈ। ਉਸ ਨੂੰ ਚੰਗੇ ਵਿਦਿਆਰਥੀਆਂ 'ਚ ਗਿਣਿਆ ਜਾਂਦਾ ਹੈ। ਸਕੂਲ ਤੇ ਪੜ੍ਹਾਈ ਦੇ ਲਈ ਇੰਨਾ ਜੋਸ਼ ਉਨ੍ਹਾਂ ਨੇ ਕਿਸੇ ਹੋਰ ਬੱਚੇ 'ਚ ਨਹੀਂ ਦੇਖਿਆ। ਮੀਰਾ ਦਾ ਘਰ ਸਕੂਲ ਤੋਂ ਸਵਾ ਕਿਲੋਮੀਟਰ ਦੂਰ ਹੈ ਤੇ ਇਕ ਲੱਤ ਨਾਲ ਚਲਣਾ ਕੋਈ ਆਸਾਨ ਕੰਮ ਨਹੀਂ ਹੈ। 
ਮੀਰਾ ਦੇ ਹੌਸਲੇ ਨਾਲ ਪਰਿਵਾਰ ਨੂੰ ਬੱਝੀ ਆਸ
ਰਤਿਆ ਰੋਡ ਝੁੱਗੀਆਂ 'ਚ ਰਹਿਣ ਵਾਲੇ ਮੀਰਾ ਦੇ ਪਰਿਵਾਰ ਦੀ ਹਾਲਤ ਬੇਹਦ ਖਰਾਬ ਹੈ। ਉਸ ਦੇ ਪਿਤਾ ਰਮੇਸ਼ ਨੂੰ ਗਠੀਆ ਹੈ। ਉਹ ਬਿਸਤਰ 'ਤੇ ਹਨ। ਮਾਂ ਉਸ ਦੇ ਨਾਲ ਨਹੀਂ ਰਹਿੰਦੀ। ਦੋ ਭਰਾ ਤੇ ਇਕ ਭੈਣ ਹੈ। ਦਾਦੇ ਦੀਆਂ ਅੱਖਾਂ ਖਰਾਬ ਹਨ। ਬੁੱਢੀ ਦਾਦੀ ਲੋਕਾਂ ਕੋਲੋਂ ਮੰਗ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ। ਪੜ੍ਹਾਈ ਵੱਲ ਮੀਰਾ ਦੀ ਲਗਨ ਵੇਖ ਕੇ ਦਾਦੀ ਨੂੰ ਕੁਝ ਆਸ ਬੱਝੀ ਹੈ।
ਮਿਡ-ਡੇ ਮੀਲ ਦਾ ਆਸਰਾ ਵੀ ਖਤਮ
ਮੀਰਾ ਦੀ ਅਧਿਆਪਕ ਪਰਮਜੀਤ ਕੌਰ ਦੱਸਦੀ ਹੈ ਕਿ ਪਹਿਲਾਂ ਸਕੂਲ 'ਚ ਮਿਡ-ਡੇ ਮੀਲ ਬਣਦਾ ਸੀ ਤਾਂ ਗਰੀਬ ਪਰਿਵਾਰਾਂ ਦੇ ਬੱਚੇ ਇਕ ਟਾਈਮ ਭਰਪੇਟ ਖਾ ਲੈਂਦੇ ਸਨ ਪਰ ਕਾਫੀ ਸਮੇ ਤੋਂ ਗ੍ਰਾਂਟ ਨਾ ਆਉਣ ਕਾਰਨ ਉਹ ਵੀ ਬੰਦ ਹੋ ਗਿਆ ਹੈ। ਇਕ ਦਿਨ ਉਹ ਮੀਰਾ ਦੇ ਘਰ ਗਈ ਤਾਂ ਉਸ ਦੀ ਦਾਦੀ ਨੇ ਇਕ ਮੁੱਠੀ ਚਾਵਲ ਦਿਖਾਏ ਤੇ ਕਿਹਾ ਕੀ ਇੰਨਾ ਨਾਲ ਕਿਸੇ ਤਰ੍ਹਾਂ ਪੂਰੇ ਪਰਿਵਾਰ ਦਾ ਪੇਟ ਭਰੇਗਾ। ਫਿਰ ਉਨ੍ਹਾਂ ਨੇ ਮੁਹੱਲੇ ਵਾਲਿਆਂ ਨਾਲ ਗੱਲ ਕੀਤੀ, ਸਾਰਿਆਂ ਨੇ ਮਿਲ ਕੇ ਪੈਸੇ ਜਮਾ ਕੀਤੇ ਤੇ ਰਾਸ਼ਨ ਖਰੀਦ ਕੇ ਉਨ੍ਹਾਂ ਨੂੰ ਦਿੱਤਾ। 
ਹਾਦਸੇ 'ਚ ਕੱਟੀਆਂ ਗਈਆਂ ਸਨ ਲੱਤਾਂ
ਇਕ ਸੜਕ ਹਾਦਸੇ ਤੋਂ ਬਾਅਦ ਮੀਰਾ ਦੀ ਲੱਤ ਕੱਟਣੀ ਪਈ ਸੀ। ਉਸ ਦਾ ਪਰਿਵਾਰ ਉਦੋਂ ਮਾਨਸਾ ਜ਼ਿਲੇ 'ਚ ਹੀ ਸਰਦੂਲਗੜ੍ਹ 'ਚ ਰਹਿੰਦਾ ਸੀ। ਉਥੇ ਉਸ ਦੇ ਮਾਤਾ-ਪਿਤਾ ਖੇਤਾਂ 'ਚ ਮਜਦੂਰੀ ਕਰਦੇ ਸਨ। ਇਕ ਦਿਨ ਮੀਰਾ ਤੇ ਉਸ ਦੇ ਭਰਾ-ਭੈਣ ਬਕਰੀਆਂ ਚਰਾਉਣ ਗਏ ਸਨ। ਉਦੋਂ ਇਕ ਟਰੱਕ ਨਾਲ ਉਸ ਦਾ ਐਕਸੀਡੈਂਟ ਹੋ ਗਿਆ।


Related News