ਪਟਾਕਿਆਂ ਪ੍ਰਤੀ ਪੁਲਸ ਦੀ ਸਖਤਾਈ ਕਾਰਨ ਦੁਕਾਨਦਾਰਾਂ ਵਿਚ ਰੋਸ

10/19/2017 1:25:39 AM

ਭਦੌੜ, (ਰਾਕੇਸ਼)- ਜ਼ਿਲਾ ਪ੍ਰਸ਼ਾਸਨ ਵੱਲੋਂ ਹਾਈਕੋਰਟ ਦੇ ਹੁਕਮਾਂ ਤਹਿਤ ਜਿੱਥੇ ਪਟਾਕਿਆਂ 'ਤੇ ਸੰਘਣੀ ਆਬਾਦੀ ਵਾਲੇ ਏਰੀਏ ਵਿਚ ਵੇਚਣ 'ਤੇ ਪਾਬੰਦੀ ਲਾਈ ਗਈ ਹੈ, ਉਥੇ ਹੀ ਇਸ ਪਾਬੰਦੀ ਨੂੰ ਲੈ ਕੇ ਕਸਬੇ ਦੇ ਦੁਕਾਨਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। 
ਦੁਕਾਨਦਾਰਾਂ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਤਿਉਹਾਰ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ। ਪਟਾਕਿਆਂ ਨੂੰ ਲੈ ਕੇ  ਪ੍ਰਸ਼ਾਸਨ ਵੱਲੋਂ ਭਦੌੜ 'ਚ ਪਟਾਕੇ ਵੇਚਣ ਲਈ ਪਬਲਿਕ ਸਟੇਡੀਅਮ ਵਿਚ ਦੁਕਾਨਾਂ ਲਾਉਣ ਲਈ ਮੁਨਾਦੀ ਕਰਾਈ ਗਈ ਸੀ ਤੇ ਪ੍ਰਸ਼ਾਸਨ ਵੱਲੋਂ 6 ਵਿਅਕਤੀਆਂ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਦਿੱਤੇ ਗਏ ਹਨ। 
ਸਵੇਰ ਤੋਂ ਹੀ ਕੁਝ ਕੁ ਦੁਕਾਨਦਾਰਾਂ ਵੱਲੋਂ ਪਟਾਕਿਆਂ ਦੀਆਂ ਦੁਕਾਨਾਂ ਲਾਈਆਂ ਗਈਆਂ ਸਨ ਪਰ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਪੁਲਸ ਨੇ ਸਖ਼ਤੀ ਵਰਤਦੇ ਹੋਏ ਦੁਕਾਨਾਂ ਹਟਾ ਦਿੱਤੀਆਂ। ਪਟਾਕਿਆਂ ਦੇ ਅੱਡੇ ਹਟਾਉਣ ਉਪਰੰਤ ਦੁਕਾਨਦਾਰਾਂ ਨੇ ਪਟਾਕਿਆਂ ਦੀਆਂ ਦੁਕਾਨਾਂ ਚੁੱਕ ਦਿੱਤੀਆਂ ਅਤੇ ਆਪਣਾ ਪਟਾਕਿਆਂ ਦਾ ਸਾਮਾਨ ਆਪੋ ਆਪਣੀਆਂ ਸੇਫ ਥਾਵਾਂ 'ਤੇ ਪਹੁੰਚਾ ਦਿੱਤਾ। ਹੁਣ ਦੁਕਾਨਦਾਰਾਂ ਵੱਲੋਂ ਸਜਾਏ ਪਟਾਕਿਆਂ ਦੇ ਸਟਾਲਾਂ 'ਤੇ ਮੋਮਬੱਤੀਆਂ ਅਤੇ ਸਜਾਵਟ ਵਾਲਾ ਸਾਮਾਨ ਹੀ ਨਜ਼ਰ ਆ ਰਿਹਾ ਹੈ ਪਰ ਇਕਾ-ਦੁੱਕਾ ਦੁਕਾਨਦਾਰਾਂ ਵੱਲੋਂ ਪੁਲਸ ਦੀ ਮਿਲੀਭੁਗਤ ਨਾਲ ਪਟਾਕਿਆਂ ਦਾ ਸਟਾਲ ਅਜੇ ਵੀ ਲੱਗਾ ਹੋਇਆ ਹੈ ਜੋ ਕਿ ਪ੍ਰਸ਼ਾਸਨ ਨੂੰ ਸ਼ਾਇਦ ਨਜ਼ਰ ਨਹੀਂ ਆ ਰਿਹਾ। 
 ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੰਗਲਵਾਰ ਦੀ ਰਾਤ ਨੂੰ ਬੱਸ ਸਟੈਂਡ ਤਂੋ ਲੈ ਕੇ ਤਿੰਨਕੋਨੀ ਤੱਕ ਦੋ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿਨ੍ਹਾਂ ਦੇ ਪਟਾਕੇ ਥਾਣਾ ਭਦੌੜ ਲਿਆਉਣ ਵਾਸਤੇ ਬੋਰੀਆਂ ਵਿਚ ਪਾ ਕੇ ਪੈਕਿੰਗ ਕੀਤੀ ਗਈ ਸੀ ਪਰ ਕੁਝ ਵਿਚੋਲਿਆਂ ਵੱਲੋਂ ਵਿਚ ਪੈ ਕੇ ਮਾਮਲਾ ਰਫਾ-ਦਫਾ ਕਰਵਾ ਦਿੱਤਾ।
ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਜਿਹੜੀ ਥਾਂ ਨਿਸ਼ਚਿਤ ਕੀਤੀ ਗਈ ਹੈ ਉਥੇ ਅਜੇ ਤੱਕ ਕਿਸੇ ਵੀ ਲਾਇਸੈਂਸ ਧਾਰਕ ਨੇ ਦੁਕਾਨ ਨਹੀਂ ਲਾਈ। ਥਾਣਾ ਭਦੌੜ ਦੇ ਸਹਾਇਕ ਮੁਨਸ਼ੀ ਸੁਖਦੀਪ ਸਿੰਘ ਨੇ ਦੱਸਿਆ ਕਿ ਗੈਰ-ਕਾਨੂੰਨੀ ਤੌਰ 'ਤੇ ਪਟਾਕੇ ਵੇਚਣ 'ਤੇ ਗਗਨਦੀਪ ਸਿੰਘ ਖਿਲਾਫ਼ ਪਰਚਾ ਦਰਜ ਕੀਤਾ ਗਿਆ। 
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਐੱਸ. ਐੱਚ. ਓ. ਨੇ ਕਿਹਾ ਕਿ ਕਿਸੇ ਵੀ ਲਾਇਸੈਂਸ ਧਾਰਕ ਜਾਂ ਲਾਇਸੈਂਸ ਤੋਂ ਬਿਨਾਂ ਸ਼ਹਿਰੀ ਖੇਤਰ ਵਿਚ ਪਟਾਕੇ ਵੇਚਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਗਈ ਹੈ। ਭਦੌੜ ਦੇ ਸਟੇਡੀਅਮ ਵਿਚ ਪਟਾਕਿਆਂ ਦੀਆਂ ਦੁਕਾਨਾਂ ਦੇ ਪੰਜ ਟੈਂਟ ਲੱਗ ਚੁੱਕੇ ਹਨ। ਲਾਇਸੈਂਸ ਧਾਰਕ ਉਥੇ ਪਟਾਕਿਆਂ ਦੀਆਂ ਦੁਕਾਨਾਂ ਲਾਉਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕੁਝ ਕੁ ਦੁਕਾਨਦਾਰ ਪੁਲਸ ਨੂੰ ਪੈਸੇ ਦੇਣ ਦੇ ਲਈ ਬਾਜ਼ਾਰ ਵਿਚਂੋ ਉਗਰਾਹੀ ਕਰ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ।


Related News