ਰਾਹਤ : ਸੀ. ਟੀ. ਯੂ. ਦੀਆਂ 80 ਏ. ਸੀ. ਬੱਸਾਂ ਦਾ ਸਫਰ ਹੋਵੇਗਾ ਸਸਤਾ

12/12/2017 7:01:52 AM

ਚੰਡੀਗੜ੍ਹ,  (ਵਿਜੇ)- ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਲਗਭਗ 80 ਬੱਸਾਂ ਦਾ ਸਫਰ ਜਲਦ ਹੀ ਸਸਤਾ ਹੋਣ ਜਾ ਰਿਹਾ ਹੈ। ਸੀ. ਟੀ. ਯੂ. ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜਿਹੜੀਆਂ ਬੱਸਾਂ 'ਚ ਬਲੋਅਰ ਦੀ ਸੁਵਿਧਾ ਨਹੀਂ ਹੈ, ਉਨ੍ਹਾਂ ਦਾ ਕਿਰਾਇਆ ਵੀ ਨਾਰਮਲ ਬੱਸਾਂ ਜਿੰਨਾ ਕੀਤਾ ਜਾਏ। ਇਨ੍ਹਾਂ ਸਾਰੀਆਂ 80 ਬੱਸਾਂ 'ਚ ਗਰਮੀਆਂ 'ਚ ਏ. ਸੀ. ਦੀ ਸੁਵਿਧਾ ਮਿਲਦੀ ਹੈ ਪਰ ਸਰਦੀਆਂ 'ਚ ਏ. ਸੀ. ਨਾ ਚੱਲਣ ਕਾਰਨ ਹਾਲੇ ਵੀ ਯਾਤਰੀਆਂ ਤੋਂ ਨਾਰਮਲ ਬੱਸ ਤੋਂ ਜ਼ਿਆਦਾ ਕਿਰਾਇਆ ਵਸੂਲ ਕੀਤਾ ਜਾ ਰਿਹਾ ਹੈ, ਜਿਸਦੇ ਤਹਿਤ ਸੀ. ਟੀ. ਯੂ. ਦੇ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ 15 ਦਸੰਬਰ ਤੋਂ ਇਨ੍ਹਾਂ ਸਾਰੀਆਂ ਬੱਸਾਂ 'ਚ ਬੈਠਣ ਵਾਲੇ ਯਾਤਰੀ ਵੀ ਨਾਰਮਲ ਬੱਸ ਜਿੰਨਾ ਹੀ ਕਿਰਾਇਆ ਦੇਣਗੇ।
ਅਸਲ 'ਚ ਇਨ੍ਹਾਂ ਬੱਸਾਂ 'ਚ ਏ. ਸੀ. ਦੀ ਸੁਵਿਧਾ ਤਾਂ ਹੈ ਪਰ ਬਲੋਅਰ ਨਾ ਚੱਲਣ ਕਾਰਨ ਇਹ ਯਾਤਰੀ ਜ਼ਿਆਦਾ ਕਿਰਾਇਆ ਦੇਣ ਦਾ ਵਿਰੋਧ ਕਰ ਰਹੇ ਸਨ, ਜਿਸ ਕਾਰਨ ਸੀ. ਟੀ. ਯੂ. ਮੈਨੇਜਮੈਂਟ ਨੇ ਇਨ੍ਹਾਂ ਬੱਸਾਂ ਦਾ ਕਿਰਾਇਆ ਵੀ ਘੱਟ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਬੱਸਾਂ 'ਚ 15 ਫਰਵਰੀ ਤਕ ਨਾਰਮਲ ਬੱਸਾਂ ਜਿੰਨਾ ਹੀ ਕਿਰਾਇਆ ਵਸੂਲ ਕੀਤਾ ਜਾਏਗਾ। ਮੌਜੂਦਾ ਸਮੇਂ 'ਚ ਨਾਨ ਏ. ਸੀ. ਬੱਸ ਲਈ ਯਾਤਰੀਆਂ ਨੂੰ 3 ਕਿਲੋਮੀਟਰ ਲਈ 5 ਰੁਪਏ ਖਰਚ ਕਰਨੇ ਪੈਂਦੇ ਹਨ, ਜਦੋਂਕਿ 3 ਤੋਂ 10 ਕਿਲੋਮੀਟਰ ਤਕ ਦੇ ਸਫਰ ਲਈ 10 ਰੁਪਏ ਦੇਣ ਪੈਂਦੇ ਹਨ। ਇਸਦੇ ਨਾਲ ਹੀ 10 ਕਿਲੋਮੀਟਰ ਤੋਂ ਜ਼ਿਆਦਾ ਸਫਰ 'ਤੇ 15 ਰੁਪਏ ਦੀ ਟਿਕਟ ਲਗਦੀ ਹੈ। ਇਸੇ ਤਰ੍ਹਾਂ ਏ. ਸੀ. ਬੱਸ ਲਈ ਸ਼ੁਰੂਆਤੀ ਤਿੰਨ ਕਿਲੋਮੀਟਰ 'ਤੇ 10 ਰੁਪਏ ਕਿਰਾਇਆ ਵਸੂਲ ਕੀਤਾ ਜਾਂਦਾ ਹੈ। 3 ਤੋਂ 10 ਕਿਲੋਮੀਟਰ ਤਕ ਦਾ ਸਫਰ ਤੈਅ ਕਰਨ 'ਤੇ 15 ਅਤੇ 10 ਕਿਲੋਮੀਟਰ ਤੋਂ ਜ਼ਿਆਦਾ ਦੇ ਸਫਰ ਲਈ 20 ਰੁਪਏ ਤਕ ਦੇਣੇ ਪੈਂਦੇ ਹਨ।


Related News