ਸੂਬੇ ''ਚ ਸੋਮਵਾਰ ਤੱਕ ਠੱਪ ਰਹੇਗਾ ਰਜਿਸਟਰੇਸ਼ਨ ਦਾ ਕੰਮ

08/18/2017 7:29:37 AM

ਜਲੰਧਰ, (ਅਮਿਤ)- ਪੂਰੇ ਸੂਬੇ ਦੇ ਰੈਵੇਨਿਊ ਅਧਿਕਾਰੀ, ਜਿਸ ਵਿਚ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਡੀ. ਆਰ. ਓਝਾ ਸ਼ਾਮਲ ਹਨ, ਉਹ ਦੋ ਦਿਨ ਲਈ ਸਮੂਹਿਕ ਛੁੱਟੀ ਲੈ ਰਹੇ ਹਨ, ਜਿਸ ਕਾਰਨ ਅਗਲੇ ਹਫਤੇ ਸੋਮਵਾਰ ਤਕ ਪੂਰੇ ਸੂਬੇ ਦੇ ਅੰਦਰ ਰਜਿਸਟਰੇਸ਼ਨ ਦਾ ਕੰਮ ਪੂਰੀ ਤਰ੍ਹਾਂ ਨਾਲ ਠੱਪ ਰਹੇਗਾ ਕਿਉਂਕਿ ਰੈਵੇਨਿਊ ਅਧਿਕਾਰੀ ਦੋ ਦਿਨ ਲਈ ਸਮੂਹਿਕ ਛੁੱਟੀ ਲੈ ਰਹੇ ਹਨ ਅਤੇ ਦੋ ਦਿਨ ਛੁੱਟੀ ਹੈ, ਜਿਸ ਕਾਰਨ ਰਜਿਸਟਰੇਸ਼ਨ ਨਾਲ ਸੰੰਬੰਧਤ ਕੋਈ ਵੀ ਕੰਮਕਾਜ ਅਗਲੇ ਹਫਤੇ ਮੰਗਲਵਾਰ ਤੋਂ ਪਹਿਲਾਂ ਨਹੀਂ ਹੋ ਸਕੇਗਾ। 
ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਜ਼ਿਲਾ ਜਲੰਧਰ ਦੇ ਪ੍ਰਧਾਨ ਮਨੋਹਰ ਲਾਲ ਨੇ ਦੱਸਿਆ ਹੈ ਕਿ ਸੂਬਾ ਪੱਧਰ 'ਤੇ ਇਸ ਗੱਲ ਦਾ ਫੈਸਲਾ ਲਿਆ ਗਿਆ ਹੈ ਕਿ ਜੇ ਤਹਿਸੀਲਦਾਰ ਅਮਲੋਹ ਨਵਦੀਪ ਸਿੰਘ ਜੋ ਕੁਝ ਸਮਾਂ ਪਹਿਲਾਂ ਬਤੌਰ ਤਹਿਸੀਲਦਾਰ-2 ਜਲੰਧਰ ਵਿਚ ਤਾਇਨਾਤ ਸੀ, ਅਤੇ ਜਿਨ੍ਹਾਂ ਵਲੋਂ ਕੀਤੀ ਗਈ ਇਕ ਅਲਾਟਮੈਂਟ ਨੂੰ ਲੈ ਕੇ ਵਿਜੀਲੈਂਸ ਪੜਤਾਲ ਸ਼ੁਰੂ ਕੀਤੀ ਗਈ ਹੈ, ਉਸ ਦੇ ਰੋਸ ਵਜੋਂ ਸਮੂਹ ਮਾਲੀਆ ਅਧਿਕਾਰੀ 18 ਅਤੇ 21 ਅਗਸਤ 2017 ਨੂੰ ਸਮੂਹਿਕ ਛੁੱਟੀ 'ਤੇ ਜਾਣਗੇ ਅਤੇ ਜੇ ਜ਼ਰੂਰਤ ਮਹਿਸੂਸ ਹੋਈ ਤਾਂ ਉਸ ਤੋਂ ਬਾਅਦ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਵੀ ਜਾ ਸਕਦੇ ਹਨ। ਮਨੋਹਰ ਲਾਲ ਨੇ ਕਿਹਾ ਕਿ ਵਿਜੀਲੈਂਸ ਜਾਂਚ ਨੂੰ ਲੈ ਕੇ ਪੂਰੇ ਸੂਬੇ ਦੇ ਰੈਵੇਨਿਊ ਅਧਿਕਾਰੀ ਇਕਜੁੱਟ ਹਨ ਅਤੇ ਸਭ ਦੀ ਇਹੀ ਰਾਏ ਹੈ ਕਿ ਇਸ ਨੂੰ ਬੰਦ ਕਰ ਕੇ ਇਸ ਦੀ ਜਗ੍ਹਾ 'ਤੇ ਵਿਭਾਗੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਸੰਬੰਧੀ ਇਕ ਪੱਤਰ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਲਿਖਿਆ ਗਿਆ ਹੈ ਤਾਂ ਕਿ ਉਹ ਐਸੋਸੀਏਸ਼ਨ ਦੀ ਮੰਗ ਨੂੰ ਸਰਕਾਰ ਤਕ ਪਹੁੰਚਾਏ ਅਤੇ ਵਿਜੀਲੈਂਸ ਦੀ ਜਗ੍ਹਾ ਵਿਭਾਗੀ ਪੜਤਾਲ ਕਰਵਾਈ ਜਾਵੇ।


Related News