ਜਾਅਲੀ ਇੰਸ਼ੋਰੈਂਸ ਪਾਲਿਸੀਆਂ ਕਰਨ ''ਤੇ ਕੇਸ ਦਰਜ

10/19/2017 5:49:56 AM

ਮੁਕੇਰੀਆਂ, (ਝਾਵਰ)- ਥਾਣਾ ਹਾਜੀਪੁਰ ਦੇ ਪਿੰਡ ਕੁੱਲੀਆਂ ਲੁਬਾਣਾ ਦੇ ਟਰੱਕ ਮਾਲਕ ਪ੍ਰਗਟ ਸਿੰਘ ਪੁੱਤਰ ਵਿਸਾਖਾ ਸਿੰਘ ਵੱਲੋਂ ਜੋ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਰਿੱਟ ਪਾਈ ਗਈ ਸੀ ਕਿ ਏਜੰਟਾਂ ਰਿਪੂਜੀਤ ਪੁੱਤਰ ਜਗਜੀਤ ਸਿੰਘ ਵਾਸੀ ਨਵਾਂ ਭੰਗਾਲਾ ਜ਼ਿਲਾ ਹੁਸ਼ਿਆਰਪੁਰ ਤੇ ਅਮਨਦੀਪ ਸਿੰਘ ਪੁੱਤਰ ਧਰਮਵੀਰ ਸਿੰਘ ਵਾਸੀ ਕਰਾੜੀ ਜ਼ਿਲਾ ਹੁਸ਼ਿਆਰਪੁਰ ਤੋਂ ਵੱਖ-ਵੱਖ ਤੌਰ 'ਤੇ ਟਰੱਕ ਦੀਆਂ ਇੰਸ਼ੋਰੈਂਸ ਪਾਲਿਸੀਆਂ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਰਾਹੀਂ ਕਰਵਾਈਆਂ ਸਨ, ਪਰ ਇਨ੍ਹਾਂ ਨੇ ਉਸ ਨਾਲ ਧੋਖਾਦੇਹੀ ਕੀਤੀ ਤੇ ਜਾਅਲੀ ਇੰਸ਼ੋਰੈਂਸ ਪਾਲਿਸੀਆਂ ਕਰ ਦਿੱਤੀਆਂ। ਇਸ ਸਾਰੀ ਕਾਰਵਾਈ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜਸਟਿਸ ਵੱਲੋਂ ਆਪਣੇ ਹੁਕਮ ਰਾਹੀਂ ਜ਼ਿਲਾ ਹੁਸ਼ਿਆਰਪੁਰ ਦੇ ਐੱਸ.ਐੱਸ.ਪੀ. ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਜਾਂਚ ਕਰ ਕੇ ਕੇਸ ਦਰਜ ਕਰਨ ਲਈ ਕਿਹਾ। 
ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਐੱਸ.ਪੀ. ਡੀ. ਹੈੱਡਕੁਆਰਟਰ ਵੱਲੋਂ ਕੀਤੀ ਗਈ ਅਤੇ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਮੁਕੇਰੀਆਂ ਥਾਣੇ 'ਚ ਜਾਅਲੀ ਇੰਸ਼ੋਰੈਂਸ ਪਾਲਿਸੀਆਂ ਕਰਨ 'ਤੇ ਰਿਪੂਜੀਤ ਸਿੰਘ ਤੇ ਅਮਨਦੀਪ ਸਿੰਘ ਵਿਰੁੱਧ ਧਾਰਾ 420, 465, 467, 468, 120-ਬੀ ਆਈ.ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ ਤੇ ਅਗਲੇਰੀ ਜਾਂਚ ਏ.ਐੱਸ.ਆਈ. ਰਵਿੰਦਰ ਸਿੰਘ ਨੂੰ ਸੌਂਪੀ ਗਈ ਹੈ।
ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਦੇ ਟਰੱਕ ਨੰ. ਪੀ ਬੀ 07 ਐੱਸ-1636 ਨਾਲ ਸਾਲ 2015 'ਚ ਐਕਸੀਡੈਂਟ ਹੋਇਆ ਸੀ ਤੇ ਉਸ ਵਿਰੁੱਧ ਮੁਕੱਦਮਾ ਨੰ. 7/15 ਅਧੀਨ ਧਾਰਾ 304-ਏ ਤੇ ਹੋਰ ਧਾਰਾਵਾਂ ਅਧੀਨ ਕੇਸ ਦਰਜ ਹੋਇਆ ਸੀ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। 
ਮ੍ਰਿਤਕ ਵਿਅਕਤੀ ਦੀ ਧਿਰ ਨੇ ਅਦਾਲਤ 'ਚ ਮੁਆਵਜ਼ਾ ਲੈਣ ਲਈ ਕੇਸ ਕੀਤਾ ਸੀ ਅਤੇ ਮਾਣਯੋਗ ਅਦਾਲਤ ਨੇ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਪਾਉਣ ਦੀ ਬਜਾਏ ਸਿੱਧੇ ਤੌਰ 'ਤੇ ਉਸ ਨੂੰ 49 ਲੱਖ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਸਨ ਅਤੇ ਇੰਸ਼ੋਰੈਂਸ ਪਾਲਿਸੀਆਂ ਨੂੰ ਜਾਅਲੀ ਦੱਸਿਆ ਸੀ।


Related News