ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਈਂ ਦੇ ਕਤਲ 'ਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਬਰਾਮਦ (ਤਸਵੀਰਾਂ)

10/18/2017 6:41:56 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਮੰਗਲਵਾਰ ਸਵੇਰੇ ਲੁਧਿਆਣਾ ਵਿਚ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਈਂ ਦੇ ਕਤਲ ਕਾਂਡ ਵਿਚ ਕਾਤਲਾਂ ਵਲੋਂ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਪੁਲਸ ਨੇ ਬਰਾਮਦ ਕਰ ਲਿਆ ਹੈ। ਇਹ ਮੋਟਰਸਾਈਕਲ ਨੈਸ਼ਨਲ ਹਾਈਵੇ ਨੰਬਰ-1 ਫੱਗੂਵਾਲ ਲੁਧਿਆਣਾ ਤੋਂ ਜਲੰਧਰ ਜਾਂਦੇ ਹੋਏ ਝਾੜੀਆਂ 'ਚ ਮਿਲਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸੇ ਜਗ੍ਹਾ ਦੇ ਸਾਹਮਣੇ ਕੁਝ ਹੀ ਦੂਰੀ 'ਤੇ ਪੰਜਾਬ ਕੇਸਰੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ਸ਼ਹੀਦੀ ਸਥਲ ਵੀ ਹੈ। ਅੱਤਵਾਦ ਦੇ ਕਾਲੇ ਦਿਨਾਂ ਦੌਰਾਂ ਅੱਤਵਾਦੀਆਂ ਨੇ ਸੱਚ ਦੀ ਆਵਾਜ਼ ਨੂੰ ਬੰਦ ਕਰਨ ਲਈ ਲਾਲਾ ਜੀ ਨੂੰ ਇਸੇ ਜਗ੍ਹਾ 'ਤੇ ਸ਼ਹੀਦ ਕਰ ਦਿੱਤਾ ਸੀ। ਫਿਲਹਾਲ ਝਾੜੀਆਂ ਪਏ ਮੋਟਰਸਾਈਕਲ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਸਵੇਰੇ 8 ਵਜੇ ਉਸ ਸਮੇਂ ਰਵਿੰਦਰ ਗੋਸਾਈਂ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਆਪਣੀ ਪੋਤੀ ਨਾਲ ਕੁੱਤੇ ਨੂੰ ਦੁੱਧ ਪਿਲਾ ਰਹੇ ਸਨ। ਦੋ ਗੋਲੀਆਂ ਲੱਗਣ ਕਾਰਨ ਗੋਸਾਈਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।


Related News