ਜਬਰ-ਜ਼ਨਾਹ ਕਰਨ ਵਾਲਾ ਸਕਿਓਰਿਟੀ ਗਾਰਡ ਦੋ ਦਿਨਾਂ ਦੇ ਪੁਲਸ ਰਿਮਾਂਡ ''ਤੇ

01/17/2018 8:02:19 AM

ਜਲੰਧਰ, (ਮਹੇਸ਼)— ਸ਼ਹਿਰ ਦੇ ਇਕ ਹੋਟਲ ਵਿਚ ਡੇਢ ਸਾਲ ਪਹਿਲਾਂ ਕਰੀਬ 25 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਅਤੇ ਉਸ ਤੋਂ ਬਾਅਦ 20 ਦਸੰਬਰ ਨੂੰ ਤੇਜ਼ਧਾਰ ਚਾਕੂ ਨਾਲ ਉਸ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਤਰਨਤਾਰਨ ਵਾਸੀ ਸਕਿਓਰਿਟੀ ਗਾਰਡ ਨੂੰ ਥਾਣਾ ਰਾਮਾਮੰਡੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਏ. ਐੱਸ. ਆਈ. ਰਵਿੰਦਰ ਸਿੰਘ ਭੱਟੀ ਨੇ ਅੱਜ ਮੁਲਜ਼ਮ ਸਕਿਓਰਿਟੀ ਗਾਰਡ ਮਲਕੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਨਾਨਕਸਰ ਮੁਹੱਲਾ, ਸਵਰਨ ਸਿੰਘ ਵਕੀਲ ਵਾਲੀ ਗਲੀ ਤਰਨਤਾਰਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਨੂੰ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 307, 376, 365 ਤੇ 120-ਬੀ ਦੇ ਤਹਿਤ ਨਾਮਜ਼ਦ ਕੀਤਾ ਸੀ। ਇਸ ਤੋਂ ਪਹਿਲਾਂ ਥਾਣਾ ਰਾਮਾਮੰਡੀ ਦੀ ਪੁਲਸ ਨੇ ਸਿਰਫ ਮੁਲਜ਼ਮ 'ਤੇ 323, 324, 506 ਤੇ 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਸੀ। ਕਪੂਰਥਲਾ ਵਾਸੀ ਪੀੜਤ ਲੜਕੀ ਸਪਨਾ (ਕਾਲਪਨਿਕ ਨਾਂ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਸੀ ਕਿ ਉਸਦੀ ਮਲਕੀਤ ਨਾਲ ਮੁਲਾਕਾਤ ਭੂਆ ਦੇ ਜ਼ਰੀਏ ਹੋਈ ਸੀ। ਦੋਵਾਂ ਵਿਚ ਵਿਆਹ ਦੀ ਗੱਲ ਚੱਲੀ, ਜੋ ਕਿ ਵੱਖਰੀ ਜਾਤ ਹੋਣ ਕਾਰਨ ਸਿਰੇ ਨਹੀਂ ਚੜ੍ਹ ਸਕੀ। ਮਲਕੀਤ ਨੇ ਉਸਦਾ ਪਿੱਛਾ ਨਾ ਛੱਡਿਆ ਅਤੇ ਉਸਨੂੰ ਵੱਖ-ਵੱਖ ਥਾਵਾਂ 'ਤੇ ਬੁਲਾ ਕੇ ਧਮਕਾਉਂਦਾ ਰਿਹਾ ਪਰ ਉਹ ਉਸਦੇ ਕੋਲ ਨਹੀਂ ਜਾਂਦੀ ਸੀ। 
ਮੁਲਜ਼ਮ ਲੜਕੀ ਨੂੰ ਉਸਦੇ ਬਣਾਏ ਐੱਮ. ਐੱਮ. ਐੱਸ. ਨੂੰ ਲੈ ਕੇ ਬਲੈਕਮੇਲ ਕਰਦਾ ਰਿਹਾ ਸੀ। ਇਸ ਕਾਰਨ ਉਹ ਪੁਲਸ ਵਿਚ ਸ਼ਿਕਾਇਤ ਦੇਣ ਤੋਂ ਡਰਦੀ ਸੀ। ਮਲਕੀਤ ਨੇ ਪਿਛਲੇ ਮਹੀਨੇ ਦੀ 20 ਤਰੀਕ ਨੂੰ ਉਸ ਨੂੰ ਸੁੱਚੀ ਪਿੰਡ ਦੇ ਨੇੜੇ ਘੇਰ ਕੇ ਉਸ 'ਤੇ ਤੇਜ਼ਧਾਰ ਚਾਕੂ ਨਾਲ ਜਾਨ-ਲੇਵਾ ਹਮਲਾ ਕੀਤਾ ਅਤੇ ਆਪਣੇ ਮੋਟਰਸਾਈਕਲ 'ਤੇ ਉਥੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਦੋਸ਼ੀ ਮਲਕੀਤ ਸਿੰਘ ਤੇ ਪੀੜਤ ਲੜਕੀ ਦਾ ਬੁੱਧਵਾਰ ਨੂੰ ਸਵੇਰੇ ਸਿਵਲ ਹਸਪਤਾਲ ਜਲੰਧਰ ਵਿਚ ਮੈਡੀਕਲ ਕਰਵਾਇਆ ਜਾਵੇਗਾ।
ਚਾਕੂ ਤੇ ਮੋਟਰਸਾਈਕਲ ਬਰਾਮਦ ਕਰੇਗੀ ਪੁਲਸ
ਮੁਲਜ਼ਮ ਸਕਿਓਰਿਟੀ ਗਾਰਡ ਮਲਕੀਤ ਸਿੰਘ ਦੋ ਦਿਨਾਂ ਦੇ ਹਾਸਲ ਕੀਤੇ ਗਏ ਪੁਲਸ ਰਿਮਾਂਡ ਦੌਰਾਨ ਰਾਮਾਮੰਡੀ ਦੀ ਪੁਲਸ 20 ਦਸੰਬਰ ਦੀ ਵਾਰਦਾਤ ਸਮੇਂ ਵਰਤਿਆ ਗਿਆ ਚਾਕੂ ਤੇ ਮੋਟਰਸਾਈਕਲ ਵੀ ਬਰਾਮਦ ਕਰੇਗੀ, ਜਿਸ ਨੂੰ ਲੈ ਕੇ ਜਾਂਚ ਅਧਿਕਾਰੀ ਰਵਿੰਦਰ ਸਿੰਘ ਭੱਟੀ ਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮ ਮਲਕੀਤ ਸਿੰਘ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ।
ਭੂਆ 'ਤੇ ਹੋ ਸਕਦੀ ਹੈ ਕਾਰਵਾਈ
ਪੀੜਤ ਲੜਕੀ ਦੀ ਭੂਆ 'ਤੇ ਪੁਲਸ ਵਲੋਂ ਕਾਰਵਾਈ ਹੋ ਸਕਦੀ ਹੈ, ਕਿਉਂਕਿ ਲੜਕੀ ਨੇ ਆਪਣੀ ਭੂਆ ਦੇ ਖਿਲਾਫ ਵੀ ਪੁਲਸ ਨੂੰ ਬਿਆਨ ਦਿੱਤੇ ਹਨ। ਲੜਕੀ ਮੁਤਾਬਕ ਉਸਦੀ ਭੂਆ ਮਲਕੀਤ ਸਿੰਘ ਦੇ ਕੋਲ ਉਸਨੂੰ ਛੱਡ ਕੇ ਚਲੇ ਗਈ, ਜਿਸ ਤੋਂ ਬਾਅਦ ਮਲਕੀਤ ਉਸਨੂੰ ਜ਼ਬਰਦਸਤੀ ਹੋਟਲ ਵਿਚ ਲਏ ਹੋਏ ਕਮਰੇ ਵਿਚ ਲੈ ਗਿਆ ਸੀ। ਏ. ਐੱਸ. ਆਈ. ਰਵਿੰਦਰ ਸਿੰਘ ਭੱਟੀ ਦਾ ਕਹਿਣਾ ਹੈ ਕਿ ਭੂਆ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਉਸ 'ਤੇ ਕੀਤੀ ਜਾਵੇਗੀ।


Related News