ਰਾਣਾ ਗੁਰਜੀਤ ਦੇ ਅਸਤੀਫੇ ''ਤੇ ਅੱਜ ਦਿੱਲੀ ''ਚ ਹੋਵੇਗੀ ਚਰਚਾ

01/17/2018 11:05:17 AM

ਜਲੰਧਰ (ਜਤਿੰਦਰ ਚੋਪੜਾ)— ਰੇਤ ਖੋਦਾਈ ਮਾਮਲੇ 'ਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਊਰਜਾ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਨੂੰ ਲੈ ਕੇ ਅੱਜ ਪੰਜਾਬ ਦਾ ਸਿਆਸੀ ਅਖਾੜਾ ਭਖ ਗਿਆ। ਰਾਣਾ ਗੁਰਜੀਤ ਸਿੰਘ ਦਾ ਬਿਆਨ ਆਇਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਹੈ, ਜਿਸ ਉਪਰੰਤ ਸਰਕਾਰ ਅਤੇ ਕਾਂਗਰਸ ਦੀ ਕਾਫੀ ਕਿਰਕਿਰੀ ਹੋਈ ਦੇਖ ਕੇ ਮੋਹਾਲੀ 'ਚ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਅ ਦੇ ਪੱਖ 'ਚ ਬਿਆਨ ਦੇਣਾ ਪਿਆ ਕਿ ਰਾਣਾ ਗੁਰਜੀਤ ਨੇ 12 ਦਿਨ ਪਹਿਲਾਂ ਹੀ ਉਨ੍ਹਾਂ ਨੂੰ ਅਸਤੀਫਾ ਸੌਂਪ ਦਿੱਤਾ ਸੀ, ਜਿਸ 'ਤੇ ਫਿਲਹਾਲ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ।
ਦੂਜੇ ਪਾਸੇ ਪ੍ਰੋਗਰਾਮ ਉਪਰੰਤ ਕੈਪਟਨ ਅਮਰਿੰਦਰ ਸਿੰਘ ਅਚਾਨਕ ਅਸਤੀਫੇ ਨੂੰ ਲੈ ਕੇ ਦਿੱਲੀ ਪੁੱਜ ਗਏ ਹਨ। ਜਿੱਥੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ 17 ਜਨਵਰੀ ਨੂੰ ਮੀਟਿੰਗ ਹੋਵੇਗੀ। ਸਪੱਸ਼ਟ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੂੰ ਰਾਣਾ ਗੁਰਜੀਤ ਦਾ ਨਾਂ ਖੋਦਾਈ ਸੌਦਿਆਂ 'ਚ ਆਉਣ ਅਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੂੰ ਆਪਣੀ ਕੰਪਨੀ ਲਈ ਵਿਦੇਸ਼ਾਂ ਤੋਂ ਭੇਜੇ 100 ਕਰੋੜ ਰੁਪਏ ਦੇ ਮਾਮਲੇ 'ਚ ਈ. ਡੀ. ਵੱਲੋਂ ਭੇਜੇ ਗਏ ਸੰਮਨ ਨੂੰ ਲੈ ਕੇ ਆਪਣੀ ਗੱਲ ਰੱਖਣਗੇ। 
ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਤੇ ਚਰਚਾ ਕਰਨ ਮਗਰੋਂ ਰਾਣਾ ਗੁਰਜੀਤ ਸਿੰਘ ਦੇ ਕੈਬਨਿਟ ਮੰਤਰੀ ਦੇ ਭਵਿੱਖ ਦਾ ਫੈਸਲਾ ਤੈਅ ਹੋਣਾ ਹੈ। ਸੰਭਾਵਨਾ ਪ੍ਰਗਟਾਈ ਜਾਂਦੀ ਹੈ ਕਿ ਰਾਹੁਲ ਕੈਪਟਨ ਅਮਰਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫਸੇ ਮੰਤਰੀ ਦਾ ਅਸਤੀਫਾ ਪ੍ਰਵਾਨ ਕਰਨ ਦਾ ਹੁਕਮ ਦੇਣਗੇ, ਜਿਸ ਉਪਰੰਤ ਰਾਣਾ ਗੁਰਜੀਤ ਸਿੰਘ ਦੀਆਂ ਮੁਸ਼ਕਲਾਂ ਵਧਣੀਆਂ ਤੈਅ ਮੰਨੀਆਂ ਜਾ ਰਹੀਆਂ ਹਨ। 
ਵਰਨਣਯੋਗ ਹੈ ਕਿ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਵਿਰੋਧੀ ਪਾਰਟੀਆਂ ਦੇ ਟਾਰਗੇਟ 'ਤੇ ਚਲ ਰਹੇ ਰਾਣਾ ਗੁਰਜੀਤ ਸਿੰਘ 'ਤੇ ਰੇਤ ਖੋਦਾਈ ਸੌਦਿਆਂ 'ਚ ਨਿੱਜੀ ਹਿੱਤਾਂ ਨੂੰ ਲੈ ਕੇ ਆਪਣੇ ਅਹੁਦੇ ਦਾ ਲਾਭ ਉਠਾਉਣ ਦਾ ਸਿੱਧਾ ਦੋਸ਼ ਹੈ। 
ਖਹਿਰਾ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਨੂੰ ਭੇਜੇ ਇਕ ਦੋਸ਼ ਪੱਤਰ 'ਚ ਰਾਣਾ ਗੁਰਜੀਤ ਦੇ ਰੇਤ ਮਾਫੀਆ ਦੇ ਸਬੰਧ ਵਿਚ ਸੀ. ਬੀ. ਆਈ. ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਖਹਿਰਾ ਨੇ ਰਾਣਾ ਗੁਰਜੀਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਕਿਉਂਕਿ ਉਹ ਜਾਂਚ ਵਿਚ ਸਬੂਤਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਮਾਮਲੇ ਦੀ ਅੱਗ ਅਜੇ ਠੰਡੀ ਨਹੀਂ ਹੋਈ ਸੀ ਕਿ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੂੰ ਈ. ਡੀ. ਨੇ 17 ਜਨਵਰੀ ਨੂੰ ਦਫਤਰ 'ਚ ਪੇਸ਼ ਹੋਣ ਦਾ ਸੰਮਨ ਭੇਜਿਆ ਹੈ। 
ਰਾਹੁਲ ਗਾਂਧੀ ਦੇ ਦਬਾਅ 'ਚ ਲਿਆ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ
ਕਾਂਗਰਸ ਦਿੱਲੀ ਦਰਬਾਰ ਦੀ ਮੰਨੀਏ ਤਾਂ ਰਾਹੁਲ ਗਾਂਧੀ ਦਾ ਹੀ ਦਬਾਅ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਬੇਹੱਦ ਕਰੀਬੀ ਸਾਥੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਲੈਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਰਾਹੁਲ ਗਾਂਧੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਂਗਰਸ ਨੇ ਜੇਕਰ ਆਪਣੇ ਵਿਜ਼ਨ 2019 'ਚ ਸਫਲਤਾ ਹਾਸਲ ਕਰਦੇ ਹੋਏ ਕੇਂਦਰ ਵਿਚ ਸੱਤਾ ਵਿਚ ਕਾਬਜ਼ ਹੋਣਾ ਹੈ ਤਾਂ ਪਾਰਟੀ ਨੂੰ ਭ੍ਰਿਸ਼ਟਾਚਾਰ ਵਿਰੁੱਧ ਸਖਤ ਵਿਚਾਰਧਾਰਾ ਜਨਤਾ ਦੇ ਸਾਹਮਣੇ ਲਿਆਉਣੀ ਹੋਵੇਗੀ। 
ਕੇਂਦਰ ਦੀ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਘਪਲਿਆਂ ਨੂੰ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਖੁੱਲ੍ਹ ਕੇ ਕੈਸ਼ ਕੀਤਾ ਸੀ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਉਪਰੰਤ ਦੇਸ਼ ਭਰ ਵਿਚ ਸਿਰਫ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਕਾਂਗਰਸ ਨੇ ਮਜ਼ਬੂਤ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਈ ਹੈ। ਰਾਣਾ ਗੁਰਜੀਤ ਵਿਰੁੱਧ ਕਾਰਵਾਈ ਕਰਨ ਨੂੰ ਹਰੀ ਝੰਡੀ ਦੇ ਕੇ ਰਾਹੁਲ ਗਾਂਧੀ ਸੰਗਠਨ 'ਚ ਆਪਣਾ ਸਟੈਂਡ ਕਲੀਅਰ ਕਰਨਗੇ ਕਿ ਘਪਲਿਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰਨਗੇ।


Related News