ਰਾਣਾ ਗੁਰਜੀਤ ਮਾਮਲੇ ''ਚ ਕੈਪਟਨ ਵਲੋਂ ਜੁਡੀਸ਼ੀਅਲ ਜਾਂਚ ਦੇ ਹੁਕਮਾਂ ''ਤੇ ਖਹਿਰਾ ਦਾ ਪਲਟ ਵਾਰ (ਵੀਡੀਓ)

05/30/2017 3:23:34 PM

ਚੰਡੀਗੜ੍ਹ (ਭੁੱਲਰ,ਰਮਨਜੀਤ)-ਬਹੁ-ਕਰੋੜੀ ਰੇਤ ਦੀਆਂ ਖੱਡਾਂ ਲਈ ਹੋਈ ਨਿਲਾਮੀ ''ਚ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਕੰਪਨੀ ਦੇ ਮੁਲਾਜ਼ਮਾਂ ਵਲੋਂ ਰੇਤਾ ਦੀਆਂ ਖੱਡਾਂ ਦਾ ਠੇਕਾ ਹਾਸਲ ਕਰਨ ਦੇ ਮਾਮਲੇ ''ਤੇ ਮਚੇ ਬਵਾਲ ਨੂੰ ਠੰਡਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਮਾਮਲੇ ''ਚ ਜਾਂਚ ਲਈ ਜੁਡੀਸ਼ੀਅਲ ਜਾਂਚ ਕਮਿਸ਼ਨ ਗਠਿਤ ਕਰਨ ਦਾ ਐਲਾਨ ਕੀਤਾ ਹੈ। 
ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਜੁਡੀਸ਼ੀਅਲ ਜਾਂਚ ਮੁੱਖ ਮੰਤਰੀ ਦੀ ਸਿਆਸੀ ਮਜਬੂਰੀ ਬਣ ਚੁੱਕੀ ਸੀ, ਕਿਉਂਕਿ ਇਕ ਪਾਸੇ ਜਿੱਥੇ ਕੈਪਟਨ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਅਗਲੇ ਮਹੀਨੇ ਸ਼ੁਰੂ ਹੋ ਰਿਹਾ ਹੈ ਤਾਂ ਦੂਜੇ ਪਾਸੇ ਮੰਤਰੀ ਮੰਡਲ ਦਾ ਵਿਸਥਾਰ ਅਜੇ ਤੱਕ ਵਿਚਕਾਰ ਹੀ ਲਟਕਿਆ ਪਿਆ ਹੈ। ਤੀਸਰੇ ਪਾਸੇ ਵਿਰੋਧੀ ਧਿਰ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਨੇ ਇਸ ਮੁੱਦੇ ''ਤੇ ਹਮਲਾਵਰ ਰੁਖ ਅਪਣਾਇਆ ਹੋਇਆ ਹੈ। ''ਆਪ'' ਨੇ ਤਾਂ ਕੱਲ ਤੋਂ ਮੁੱਖ ਮੰਤਰੀ ਦੇ ਨਿਵਾਸ ''ਤੇ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਨੂੰ ਲੈ ਕੇ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ। 
ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਈਨਿੰਗ ਸਕੈਮ ਵਿਚ ਜੁਡੀਸ਼ੀਅਲ ਕਮਿਸ਼ਨ ਗਠਿਤ ਕਰ ਕੇ ਇਕ ਮਹੀਨੇ ਵਿਚ ਜਾਂਚ ਕਰ ਕੇ ਰਿਪੋਰਟ ਦੇਣ ਨੂੰ ਦੇਰੀ ਨਾਲ ਉਠਾਇਆ ਗਿਆ ਕਦਮ ਦੱਸਿਆ ਹੈ। 
ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਗਏ ਜਾਂਚ ਦੇ ਹੁਕਮ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਾਈਨਿੰਗ ਸਕੈਮ ਤੋਂ ਬਚਾਉਣ ਦਾ ਯਤਨ ਪ੍ਰਤੀਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਜਦੋਂ ਤਕ ਮੰਤਰੀ ਮੰਡਲ ਦੇ ਮੈਂਬਰ ਰਹਿਣਗੇ, ਉਦੋਂ ਤਕ ਜਾਂਚ ਦੇ ਨਿਰਪੱਖ ਹੋਣ ''ਤੇ ਸ਼ੱਕ ਬਣਿਆ ਰਹੇਗਾ। ਸਾਡੀ ਮੰਗ ਇਹੀ ਹੈ ਕਿ ਰਾਣਾ ਗੁਰਜੀਤ ਸਿੰਘ ਉਕਤ ਮਾਮਲੇ ਦੀ ਜਾਂਚ ਦੌਰਾਨ ਮੰਤਰੀ ਮੰਡਲ ਵਿਚ ਸ਼ਾਮਲ ਨਾ ਰਹਿਣ, ਨਹੀਂ ਤਾਂ ਸਾਰੀ ਜਾਂਚ ਦੀ ਕਾਰਵਾਈ ਬੇਮਤਲਬ ਸਾਬਿਤ ਹੋਵੇਗੀ।

Related News