ਸ਼ਰਾਰਤੀ ਅਨਸਰਾਂ ਨੇ ਰਾਜੀਵ ਗਾਂਧੀ ਦੇ ਬੁੱਤ ਨਾਲ ਕੀਤੀ ਛੇੜਛਾੜ, ਸਿਰ ਕੀਤਾ ਧੜ ਤੋਂ ਵੱਖ

06/25/2017 7:04:38 PM

ਨਾਭਾ (ਜਗਨਾਰ) : ਰਿਆਸਤੀ ਸ਼ਹਿਰ ਨਾਭਾ ਦੇ ਮਾਲੇਰਕੋਟਲਾ ਰੋਡ ਚੂੰਗੀ ਨੇੜੇ ਬਣੇ ਸਵ. ਰਾਜੀਵ ਗਾਂਧੀ ਪਾਰਕ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ ਆਦਮਕੱਦ ਬੁੱਤ ਲਗਾਇਆ ਹੋਇਆ ਸੀ ਜਿਸ ਦੇ ਸਿਰ ਨੂੰ ਧੜ ਤੋਂ ਅਲੱਗ ਕਰਕੇ ਪਿਛਲੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ (ਸੈਂਟੀ) ਮੌਕੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਂਟੀ ਨੇ ਕਿਹਾ ਉਨ੍ਹਾਂ ਵੱਲੋਂ ਇਸ ਛੇੜਛਾੜ ਸਬੰਧੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਉਹ ਮੰਗ ਕਰਦੇ ਹਨ ਕਿ ਸ਼ਰਾਰਤੀ ਅਨਸਰਾਂ ਨੂੰ ਜਲਦ ਕਾਬੂ ਕਰਕੇ ਕਾਰਵਾਈ ਕੀਤੀ ਜਾਵੇ।
ਆਦਮਕੱਦ ਬੁੱਤ ਦੇ ਹੋਏ ਨੁਕਸਾਨ ਸਬੰਧੀ ਪ੍ਰਧਾਨ ਮਿੱਤਲ ਨੇ ਕਿਹਾ ਕਿ ਉਹ ਜਲਦੀ ਹੀ ਇਸ ਬੁੱਤ ਨੂੰ ਨਵੇਂ ਸਿਰਿਓਂ ਬਣਵਾ ਕੇ ਸਥਾਪਤ ਕਰਨਗੇ ਜਿਸ ਸਬੰਧੀ ਉਨ੍ਹਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਹਿਰੀ ਪ੍ਰਧਾਨ ਕਾਂਗਰਸ ਪਵਨ ਗਰਗ, ਅਸ਼ੋਕ ਕੁਮਾਰ (ਕਾਲਾ), ਗਗਨ ਗੋਇਲ ਆਦਿ ਨੇ ਕਿਹਾ ਕਿ ਬਹੁਤ ਹੀ ਨਿੰਦਣਯੋਗ ਅਤੇ ਘਿਨੌਣੀ ਹਰਕਤ ਹੈ ਜਿਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵ: ਰਜੀਵ ਗਾਂਧੀ ਦੇ ਬੁੱਤ ਨਾਲ ਹੋਈ ਛੇੜਛਾੜ ਸਬੰਧੀ ਸ਼ਿਕਾਇਤ ਮਿਲ ਚੁੱਕੀ ਹੈ ਜਿਸ ਸਬੰਧੀ ਜਲਦੀ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੱਸਣਯੋਗ ਹੈ ਕਿ ਇਸ ਪਾਰਕ ਦਾ ਨੀਂਹ ਪੱਥਰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਸਮੇਂ 3 ਜੂਨ 2005 ਨੂੰ ਰੱਖਿਆ ਸੀ ਉਸ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਵੀ ਇਸ ਪਾਰਕ ਦੀ ਸਾਰ ਨਹੀਂ ਲਈ ਸੀ। ਹੁਣ ਵੇਖਣਾ ਹੈ ਕਿ ਕਾਂਗਰਸ ਸਰਕਾਰ ਵੇਲੇ ਇਸ ਦਾ ਕਿੰਨਾਂ ਕੁ ਵਿਕਾਸ ਹੋਵੇਗਾ।


Related News