ਬਾਰਿਸ਼ ਨੇ ਵਧਾਈ ਠੰਡ, ਸਲੱਮ ਖੇਤਰਾਂ ''ਚ ਭਰਿਆ ਪਾਣੀ

12/12/2017 3:55:32 AM

ਲੁਧਿਆਣਾ(ਸਲੂਜਾ)-ਪੱਛਮੀ ਚੱਕਰਵਾਤ ਕਾਰਨ ਅੱਜ ਮਹਾਨਗਰ 'ਚ ਬਾਰਿਸ਼ ਨੇ ਦਸਤਕ ਦਿੱਤੀ। ਸਾਰਾ ਦਿਨ ਰੁਕ-ਰੁਕ ਕੇ ਹੋਈ ਹਲਕੀ ਬਾਰਿਸ਼ ਰਾਤ 8 ਵਜੇ ਇਕਦਮ ਤੇਜ਼ ਹੋ ਗਈ, ਜੋ ਅੱਧੀ ਰਾਤ ਤੱਕ ਵੀ ਜਾਰੀ ਸੀ, ਜਿਸ ਨਾਲ ਸ਼ਹਿਰ ਦੇ ਸਲੱਮ ਇਲਾਕਿਆਂ ਜਿਵੇਂ ਹੈਬੋਵਾਲ, ਰਿਸ਼ੀ ਨਗਰ, ਚੰਦਰ ਨਗਰ, ਸਲੇਮ ਟਾਬਰੀ, ਕੋਚਲ ਮਾਰਕੀਟ, ਮਿੱਢਾ ਚੌਕ, ਮਾਡਲ ਗ੍ਰਾਮ ਤੇ ਸਿਵਲ ਲਾਈਨ ਆਦਿ ਵਿਚ ਪਾਣੀ ਭਰਨ ਦੇ ਨਾਲ ਬਿਜਲੀ ਵੀ ਦੇਰ ਰਾਤ ਤੱਕ ਚਮਕਦੀ ਰਹੀ।  ਮੌਸਮ ਮਾਹਰ ਇਸ ਬਾਰਿਸ਼ ਨੂੰ ਆਮ ਲੋਕਾਂ ਤੇ ਕਿਸਾਨਾਂ ਲਈ ਵਰਦਾਨ ਦੱਸ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਪ੍ਰਦੂਸ਼ਣ ਤੋਂ ਤਾਂ ਨਿਜਾਤ ਮਿਲੇਗੀ ਹੀ, ਜਦੋਂਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਕਣਕ ਦੀ ਫਸਲ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਕਰ ਸਕਦੀ ਹੈ। ਬਸ਼ਰਤੇ ਕਿ ਤੂਫਾਨੀ ਬਾਰਿਸ਼ ਨਾ ਹੋਵੇ।
ਕਣਕ ਦੀ ਫਸਲ ਲਈ ਫਾਇਦੇਮੰਦ
ਜ਼ਿਲਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਇਸ ਸਮੇਂ ਜੋ ਹਲਕੀ ਬਾਰਿਸ਼ ਹੋ ਰਹੀ ਹੈ, ਉਹ ਕਣਕ ਸਮੇਤ ਸਾਰੀਆਂ ਫਸਲਾਂ ਲਈ ਹੀ ਫਾਇਦੇਮੰਦ ਹੈ। ਠੰਡੇ ਮੌਸਮ ਨਾਲ ਕਣਕ ਦੀ ਪੈਦਾਵਾਰ ਨੂੰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਤੇਜ਼ ਅਤੇ ਭਾਰੀ ਬਾਰਿਸ਼ ਦੀ ਲੋੜ ਹੀ ਨਹੀਂ ਹੈ।
ਬਾਰਿਸ਼ ਦੀਆਂ ਦੋ ਬੂੰਦਾਂ ਡਿੱਗਣ ਨਾਲ ਪਾਵਰਕਾਮ ਲੜਖੜਾਇਆ
ਰੈਗੂਲਰ ਅਤੇ ਕੁਆਲਿਟੀ ਭਰਪੂਰ ਬਿਜਲੀ ਸਪਲਾਈ ਦੇਣ ਦੇ ਦਾਅਵੇ ਕਰਨ ਵਾਲਾ ਪਾਵਰਕਾਮ ਬਾਰਿਸ਼ ਦੀਆਂ ਦੋ ਬੂੰਦਾਂ ਡਿੱਗਣ ਨਾਲ ਹੀ ਲੜਖੜਾ ਕੇ ਰਹਿ ਗਿਆ। ਅੱਜ ਸਥਾਨਕ ਨਗਰ ਦੇ ਵੱਖ-ਵੱਖ ਇਲਾਕਿਆਂ ਤੋਂ ਮਿਲੀ ਰਿਪੋਰਟ ਮੁਤਾਬਕ ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਬਿਜਲੀ ਦੀ ਲੁਕਣ-ਮੀਟੀ ਦਾ ਦੌਰ ਚੱਲਦਾ ਰਿਹਾ, ਜਿਸ ਨਾਲ ਕਈ ਇਲਾਕਿਆਂ ਵਿਚ ਹਨੇਰਾ ਪਸਰਿਆ ਰਿਹਾ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ। ਬਿਜਲੀ ਗੁਲ ਦੀ ਸ਼ਿਕਾਇਤ ਦਾ ਨਿਪਟਾਰਾ ਕਰਵਾਉਣ ਵਿਚ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਜੋ ਬਿਜਲੀ ਗੁੱਲ ਦੀ ਸ਼ਿਕਾਇਤ ਦਰਜ ਕਰਵਾਉਣ ਹਿੱਤ 1912 ਨੰਬਰ ਦਿੱਤਾ ਗਿਆ ਹੈ, ਉਹ ਕਈ ਵਾਰ ਮਿਲਦਾ ਹੀ ਨਹੀਂ ਤੇ ਕਈ ਵਾਰ ਸ਼ਿਕਾਇਤ ਦਾ ਨਿਪਟਾਰਾ ਕੀਤੇ ਬਿਨਾਂ ਹੀ ਇਹ ਸੁਨੇਹਾ ਮਿਲ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।


Related News