ਰੇਲ ਲੋਡਿੰਗ ਨੂੰ ਲੈ ਕੇ ਲੇਬਰ ਵਲੋਂ ਪੱਥਰਬਾਜ਼ੀ ਕਰਨ ''ਤੇ ਪੁਲਸ ਨੇ ਕੀਤਾ ਲਾਠੀਚਾਰਜ, ਸਥਿਤੀ ਹੋਈ ਤਣਾਅਪੂਰਨ (ਵੀਡੀਓ)

07/17/2017 7:02:38 PM

ਸੁਲਤਾਨਪੁਰ ਲੋਧੀ— ਰੇਲ ਦੀ ਲੋਡਿੰਗ ਨੂੰ ਲੈ ਕੇ ਸੋਮਵਾਰ ਸਵੇਰੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ 'ਤੇ ਸਥਿਤੀ ਤਣਾਅਪੂਰਨ ਰਹੀ। ਇਹ ਮਾਮਲਾ ਐੱਫ. ਸੀ. ਆਈ. ਨਾਲ ਸੰਬੰਧਤ ਹੈ। ਇਥੇ ਐੱਫ. ਸੀ. ਆਈ. ਦੀ ਰੇਲ ਲੋਡਿੰਗ ਨੂੰ ਲੈ ਕੇ ਨਿਜੀ ਠੇਕੇਦਾਰ ਦਾ ਐੱਫ. ਸੀ. ਆਈ. ਲੇਬਰ ਵੱਲੋਂ ਵਿਰੋਧ ਕੀਤਾ ਗਿਆ, ਜਿਸ ਦੇ ਚਲਦਿਆਂ ਮੁਲਤਾਨਪੁਰ ਲੋਧੀ 'ਚ ਐੱਫ. ਸੀ. ਆਈ. ਮਜ਼ਦੂਰਾਂ ਨੇ ਠੇਕੇਦਾਰ ਦੀ ਲੋਡਿੰਗ ਰੋਕ ਦਿੱਤੀ ਅਤੇ ਲੋਡਿੰਗ ਚਾਲੂ ਕਰਵਾਉਣ ਲਈ ਪੁਲਸ ਬਲ ਤਾਇਨਾਤ ਕੀਤਾ ਗਿਆ। ਇਸੇ ਦੌਰਾਨ ਲੇਬਰ ਨੂੰ ਖਦੇੜਨ ਲਈ ਪੁਲਸ ਅਤੇ ਮਜ਼ਦੂਰਾਂ 'ਚ ਤਕਰਾਰ ਹੋ ਗਈ। ਇਸ ਦੌਰਾਨ ਪੁਲਸ ਨੇ ਲਾਠੀਚਾਰਜ ਕਰਨਾ ਪਿਆ ਅਤੇ ਗੁੱਸੇ 'ਚ ਆਏ ਮਜ਼ਦੂਰਾਂ ਨੇ ਪੁਲਸ 'ਤੇ ਪੱਥਰਬਾਜ਼ੀ ਕੀਤੀ। ਦਰਅਸਲ ਸੋਮਵਾਰ ਨੂੰ ਸੁਲਤਾਨਪੁਰ ਲੋਧੀ 'ਚ ਐੱਫ. ਸੀ. ਆਈ. ਦੀ ਸਪੈਸ਼ਲ ਦੀ ਲੋਡਿੰਗ ਇਕ ਠੇਕੇਦਾਰ ਵਲੋਂ ਕੀਤੀ ਜਾਣੀ ਸੀ, ਜਿਸ ਦਾ ਐੱਫ. ਸੀ. ਆਈ. ਮਜ਼ਦੂਰ ਯੂਨੀਅਨ ਉਨ੍ਹਾਂ ਦੇ ਕੋਲ ਅਦਾਲਤੀ ਸਟੇ ਹੋਣ ਦਾ ਦਾਅਵਾ ਕਰਕੇ ਵਿਰੋਧ ਕਰ ਰਹੀ ਸੀ ਅਤੇ ਠੇਕੇਦਾਰ ਨੂੰ ਕੰਮ ਕਰਨ ਤੋਂ ਰੋਕ ਰਹੀ ਸੀ, ਜਿਸ ਦੇ ਬਾਅਦ ਮੌਕੇ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਅਤੇ ਐੱਫ. ਸੀ. ਆਈ. ਦੇ ਸੀਨੀਅਰ ਅਧਿਕਾਰੀ ਨਰਿੰਦਰ ਮੀਨਾ ਵੀ ਮੌਕੇ 'ਤੇ ਪਹੁੰਚੇ। 
ਉਨ੍ਹਾਂ ਮੁਤਾਬਕ ਇਹ ਮਜ਼ਦੂਰ ਸਿਰਫ ਐੱਫ. ਸੀ. ਆਈ. ਦੇ ਗੋਦਾਮਾਂ 'ਚ ਕੰਮ ਲਈ ਹਨ, ਉਨ੍ਹਾਂ ਦਾ ਪਹਿਲਾਂ ਤੋਂ ਹੀ ਰੇਲ ਲੋਡਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਐੱਫ. ਸੀ. ਆਈ. ਮਜ਼ਦੂਰ ਹੱਟਣ ਨੂੰ ਤਿਆਰ ਨਹੀਂ ਸਨ ਤਾਂ ਮੌਕੇ 'ਤੇ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਵੀ ਪਹੁੰਚ ਗਈ, ਜਿਸ ਦੇ ਬਾਅਦ ਮਜ਼ਦੂਰਾਂ ਨੂੰ ਪਿੱਛੇ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਪੁਲਸ ਨੇ ਮਜ਼ਦੂਰਾਂ 'ਤੇ ਲਾਠੀਚਾਰਜ ਵੀ ਕੀਤਾ। ਗੁੱਸੇ 'ਚ ਆਏ ਮਜ਼ਦੂਰਾਂ ਨੇ ਪੁਲਸ 'ਤੇ ਪੱਥਰ ਵੀ ਸੁੱਟੇ। ਉਂਝ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਸ ਵੱਲੋਂ ਮੌਕੇ 'ਤੇ ਕੁਝ ਮਜ਼ਦੂਰਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।


Related News