ਛਾਪਾ ਮਾਰ ਕੇ ਐੱਸ. ਐੱਸ. ਪੀ. ਨੇ ਧੋਤਾ ਪੁਲਸ ''ਤੇ ਲੱਗਾ 20 ਸਾਲ ਪੁਰਾਣਾ ਕਲੰਕ!

07/17/2017 2:09:17 PM

ਨੂਰਪੁਰਬੇਦੀ - 'ਜਗ ਬਾਣੀ' ਵੱਲੋਂ ਬੀਤੀ 10 ਜੁਲਾਈ ਨੂੰ ਰੋਪੜ-ਸ੍ਰੀ ਆਨੰਦਪੁਰ ਸਾਹਿਬ ਮਾਰਗ 'ਤੇ ਇਕ ਨਾਮੀ ਹੋਟਲ-ਕਮ-ਰੈਸਟੋਰੈਂਟ 'ਚ ਚੱਲਦੇ ਦੇਹ ਵਪਾਰ ਦੇ ਧੰਦੇ ਦੀ ਖਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਰੋਪੜ ਦੇ ਨਵੇਂ ਜ਼ਿਲਾ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਬੀਤੀ ਰਾਤ ਇਸ ਹੋਟਲ 'ਚ ਛਾਪੇਮਾਰੀ ਕਰ ਕੇ 4 ਜੋੜਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕਰ ਲਿਆ, ਜਦੋਂਕਿ ਨਾਲ ਹੀ ਹੋਟਲ ਦੇ ਮਾਲਕ ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਬੌਬੀ ਨੂੰ ਗ੍ਰਿਫਤਾਰ ਕਰ ਕੇ ਰੋਪੜ ਦੀ ਪੁਲਸ 'ਤੇ ਲੱਗਾ 20 ਸਾਲ ਪੁਰਾਣਾ ਕਲੰਕ ਧੋ ਦਿੱਤਾ ਕਿਉਂਕਿ ਆਮ ਲੋਕਾਂ ਵਿਚ ਇਹ ਚਰਚਾ ਸੀ ਕਿ ਇਸ ਹੋਟਲ ਵਿਚ ਜੋ ਵੀ ਨਾਜਾਇਜ਼ ਧੰਦਾ ਹੁੰਦਾ ਸੀ, ਉਸ ਵਿਚ ਕੁਝ ਪੁਲਸ ਅਧਿਕਾਰੀਆਂ ਦਾ ਹੱਥ ਸੀ। ਜ਼ਿਕਰਯੋਗ ਹੈ ਕਿ ਬੀਤੀ 8 ਜੁਲਾਈ ਨੂੰ ਪੁਲਸ ਨੇ ਇਸੇ ਮਾਰਗ 'ਤੇ ਇਕ ਕਾਂਗਰਸੀ ਆਗੂ ਦੇ ਐੱਸ. ਪੀ. ਟੂਰਿਸਟ ਢਾਬੇ ਤੋਂ ਵੀ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਅਜਿਹੇ ਜੋੜੇ ਫੜੇ ਸਨ। ਇਸ ਦੌਰਾਨ ਲੋਕਾਂ 'ਚ ਚਰਚਾ ਸੀ ਕਿ ਲੰਬੇ ਅਰਸੇ ਤੋਂ ਕੁਝ ਪੁਲਸ ਅਧਿਕਾਰੀਆਂ ਦੀ ਸ਼ਹਿ 'ਤੇ ਕੇਸਰਪਾਲ ਹੋਟਲ 'ਚ ਵੀ ਦੇਹ ਵਪਾਰ ਦਾ ਧੰਦਾ ਚੱਲਦਾ ਹੈ ਪਰ ਉਥੇ ਪੁਲਸ ਨੇ ਕਦੇ ਵੀ ਚੈਕਿੰਗ ਨਹੀਂ ਕੀਤੀ ਤੇ ਨਾ ਹੀ ਇਸ ਧੰਦੇ ਨੂੰ ਨੱਥ ਪਾਉਣ ਦੀ ਕਦੇ ਕੋਸ਼ਿਸ਼ ਕੀਤੀ।
ਹੋਟਲ ਮਾਲਕ 'ਤੇ ਰਿਹਾ ਮੰਤਰੀਆਂ ਦਾ ਆਸ਼ੀਰਵਾਦ
ਕੇਸਰਪਾਲ ਹੋਟਲ ਦੇ ਮਾਲਕ ਸੁਖਵਿੰਦਰ ਸਿੰਘ ਬੌਬੀ 'ਤੇ ਪੰਜਾਬ ਵਿਚ ਅਕਾਲੀ ਵਜ਼ਾਰਤ ਦੌਰਾਨ ਦੋ ਮੰਤਰੀਆਂ ਦਾ ਵੱਖ-ਵੱਖ ਸਮੇਂ ਦੌਰਾਨ ਆਸ਼ੀਰਵਾਦ ਰਿਹਾ। ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਇਸ ਹੋਟਲ 'ਚ ਇਹ ਧੰਦਾ ਚੱਲਦਾ ਰਿਹਾ ਪਰ ਕਿਸੇ ਵੀ ਪੁਲਸ ਅਫਸਰ ਨੇ ਇਸ ਹੋਟਲ 'ਤੇ ਰੇਡ ਮਾਰਨ ਦਾ ਹੌਸਲਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਹੋਟਲ ਦੇ ਪ੍ਰਵੇਸ਼ ਦੁਆਰ 'ਤੇ ਸੁਖਬੀਰ ਬਾਦਲ ਸਮੇਤ ਉੱਚ ਅਕਾਲੀ ਆਗੂਆਂ ਦੀਆਂ ਤਸਵੀਰਾਂ ਵੀ ਟੰਗੀਆਂ ਹੋਈਆਂ ਹਨ।
ਦੇਹ ਵਪਾਰ ਦਾ ਧੰਦਾ ਕਰਨ ਵਾਲੇ ਹੋਟਲਾਂ 'ਤੇ ਕਾਰਵਾਈ ਜਾਰੀ ਰਹੇਗੀ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਸੰਧੂ ਨੇ ਕਿਹਾ ਕਿ ਜ਼ਿਲੇ ਵਿਚ ਕਿਸੇ ਵੀ ਹੋਟਲ ਵਿਚ ਦੇਹ ਵਪਾਰ ਵਰਗੇ ਧੰਦੇ ਨੂੰ ਸਖਤੀ ਨਾਲ ਨੱਥ ਪਾਈ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਅਜਿਹੀਆਂ ਛਾਪੇਮਾਰੀਆਂ ਜਾਰੀ ਰਹਿਣਗੀਆਂ।


Related News