ਲੁਧਿਆਣਾ : ਆਰ. ਐੱਸ. ਐੱਸ. ਆਗੂ ਰਵਿੰਦਰ ਕੁਮਾਰ ਦਾ ਦਿਨ-ਦਿਹਾੜੇ ਕਤਲ (ਵੀਡੀਓ)

10/18/2017 11:25:04 AM

ਲੁਧਿਆਣਾ (ਪ੍ਰਵੀਨ ਪੁਰੀ, ਹਿਤੇਸ਼, ਨਰਿੰਦਰ) — ਲੁਧਿਆਣਾ 'ਚ ਆਰ. ਐੱਸ. ਐੱਸ. ਦੇ ਇਕ 60 ਸਾਲਾ ਬਜ਼ੁਰਗ ਆਗੂ ਰਵਿੰਦਰ ਗੋਸਾਈ ਦਾ ਦੋ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋਸ਼ੀਆਂ ਨੇ ਉਨ੍ਹਾਂ 'ਤੇ ਪਿਛਿਓ 2 ਗੋਲੀਆਂ ਚਲਾਈਆਂ। ਜਿਸ ਦੌਰਾਨ ਇਕ ਗੋਲੀ ਉਨ੍ਹਾਂ ਦੀ ਗਰਦਨ ਤੇ ਦੂਜੀ ਪਿੱਠ 'ਤੇ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਘਟਨਾ ਥਾਣਾ ਬਸਤੀ ਜੋਧੇਵਾਲ ਦੇ ਅਧੀਨ ਆਉਂਦੇ ਕੈਲਾਸ਼ ਨਗਰ ਇਲਾਕੇ 'ਚ ਸਥਿਤ ਗਗਨਦੀਪ ਕਾਲੋਨੀ ਦੀ ਗਲੀ ਨੰਬਰ 3 'ਚ ਸਵੇਰੇ 8 ਵਜੇ ਘਟੀ ਹੈ। ਘਟਨਾ ਦੇ ਤੁਰੰਤ ਬਾਅਦ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਵੀ ਘਟਨਾ ਸਥਾਨ 'ਤੇ ਪਹੁੰਚ ਕੇ ਆਪਣੀ ਜਾਂਚ 'ਚ ਜੁੱਟ ਚੁੱਕੀ ਹੈ।

PunjabKesari

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੇਸ਼ੇ ਤੋਂ ਪ੍ਰਾਪਟੀ ਐਡਵਾਈਜ਼ਰ ਦਾ ਕੰਮ ਕਰਨ ਵਾਲੇ ਰਵਿੰਦਰ ਗੋਸਾਈ ਆਰ. ਐੱਸ. ਐੱਸ. ਦੀ ਸ਼ਾਖਾ ਲਗਾ ਕੇ ਘਰ ਵਾਪਸ ਆਏ ਸਨ ਤੇ ਵਾਪਸ ਆਉਣ ਤੋਂ ਬਾਅਦ ਘਰੋਂ ਬਾਹਰ ਕੁੱਤਿਆਂ ਨੂੰ ਦੁੱਧ ਪਾ ਰਹੇ ਸਨ ਤੇ ਉਨ੍ਹਾਂ ਦੀ ਗੋਦ 'ਚ ਉਨ੍ਹਾਂ ਦੀ ਲਗਭਗ ਤਿੰਨ ਸਾਲ ਦੀ ਪੋਤੀ ਵੀ ਸੀ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੁਧਿਆਣਾ ਦੇ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਤੇ ਹੋਰ ਪੁਲਸ ਅਧਿਕਾਰੀਆਂ ਤੋਂ ਇਲਾਵਾ ਆਰ. ਐੱਸ. ਐੱਸ. ਤੇ ਭਾਜਪਾ ਨਾਲ ਜੁੜੇ ਵਰਕਰ ਪਹੁੰਚ ਗਏ ਹਨ। ਪੁਲਸ ਦੇ ਹੱਥ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਲੱਗੀ ਹੈ। ਜਿਸ 'ਚ ਦੋਸ਼ੀ ਰੂਮਾਲ ਮੂੰਹ ਬੰਨੇ ਹੋਏ ਕਾਲੇ ਰੰਗ ਦੇ ਬਾਈਕ 'ਤੇ ਲੰਘਦੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਹੁਣ ਅਣਪਛਾਤੇ ਬਾਈਕ ਸਵਾਰ ਦੋਸ਼ੀਆਂ ਦੀ ਤਲਾਸ਼ 'ਚ ਜੁੱਟ ਗਈ ਹੈ।
ਮੌਕੇ 'ਤੇ ਪਹੁੰਚੇ ਲੁਧਿਆਣਾ ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਪ੍ਰਵੀਨ ਬੰਸਲ ਦਾ ਕਹਿਣਾ ਸੀ ਕਿ ਆਏ ਦਿਨ ਆਰ. ਐੱਸ. ਐੱਸ. ਦੇ ਕਾਰਜਕਰਤਾਵਾਂ 'ਤੇ ਹਮਲੇ ਹੋ ਰਹੇ ਹਨ। ਪਹਿਲਾਂ ਪੰਜਾਬ ਦੇ ਨਵਾਂ ਸ਼ਹਿਰ 'ਚ ਜਗਦੀਸ਼ ਗਗਨੇਜਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਫਿਰ ਹੁਣ ਲੁਧਿਆਣਾ 'ਚ ਇਸ ਤਰ੍ਹਾਂ ਦੀ ਘਟਨਾ ਨੇ ਆਰ. ਐੱਸ. ਐੱਸ. ਕਾਰਜਕਰਤਾਵਾਂ ਦੇ ਮਨ 'ਚ ਇਕ ਡਰ ਜਿਹਾ ਪੈਦਾ ਕਰ ਦਿੱਤਾ ਹੈ। 

PunjabKesari


Related News