ਅਕਾਲੀਆਂ ਨੇ ਕੇਜਰੀਵਾਲ ਤੇ ਸੁਖਪਾਲ ਖਹਿਰਾ ਦਾ ਫੂਕਿਆ ਪੁਤਲਾ

11/19/2017 9:41:48 AM


ਮੋਹਾਲੀ (ਨਿਆਮੀਆਂ) - ਜ਼ਿਲਾ ਯੂਥ ਅਕਾਲੀ ਦਲ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਤੇ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਇਥੋਂ ਦੇ ਫੇਜ਼-7 ਦੇ ਲਾਈਟ ਪੁਆਇੰਟ 'ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਮੌਕੇ ਪਿੰ੍ਰਸ ਤੇ ਗਿੱਲ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਨਸ਼ਿਆਂ ਦੇ ਮਾਮਲੇ ਵਿਚ ਅਦਾਲਤ ਵਲੋਂ ਸੰਮਨ ਜਾਰੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਹੁਣ ਤਕ ਉਸ ਤੋਂ ਅਸਤੀਫਾ ਨਾ ਲੈਣ ਕਾਰਨ ਉਸ ਦਾ ਦੋਗਲਾ ਚਿਹਰਾ ਨੰਗਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਮੁੱਦਾ ਬਣਾ ਕੇ ਵਿਧਾਨ ਸਭਾ ਚੋਣਾਂ ਲੜਨ ਵਾਲੀ ਪਾਰਟੀ ਦੇ ਆਪਣੇ ਹੀ ਸੀਨੀਅਰ ਆਗੂ ਦਾ ਨਾਂ ਨਸ਼ਿਆਂ ਵਿਚ ਆਉਣਾ ਬਹੁਤ ਹੀ ਸ਼ਰਮਨਾਕ ਗੱਲ ਹੈ, ਜਦਕਿ ਹਾਈ ਕੋਰਟ ਨੇ ਖਹਿਰਾ ਵਲੋਂ ਪਾਈ ਪਟੀਸ਼ਨ ਖ਼ਾਰਿਜ ਕਰ ਦਿੱਤੀ ਹੈ ਤੇ ਹਾਈ ਕੋਰਟ ਵਲੋਂ ਉਨ੍ਹਾਂ ਨੂੰ ਹਦਾਇਤ ਹੋਈ ਹੈ ਕਿ ਜੋ ਹੇਠਲੀ ਅਦਾਲਤ ਵਲੋਂ ਉਨ੍ਹਾਂ ਨੂੰ ਸੰਮਨ ਜਾਰੀ ਹੋਏ ਹਨ, ਉਸ ਸਬੰਧੀ ਉਹ ਹੇਠਲੀ ਅਦਾਲਤ ਵਿਚ ਪੇਸ਼ ਹੋਣ ਪਰ ਇਸ ਦੇ ਬਾਵਜੂਦ ਵੀ ਖਹਿਰਾ ਵਲੋਂ ਅਸਤੀਫਾ ਨਾ ਦੇਣਾ ਤੇ ਕੇਜਰੀਵਾਲ ਦੀ ਚੁੱਪ ਇਹ ਸਾਬਿਤ ਕਰਦੀ ਹੈ ਕਿ ਕਿਤੇ ਨਾ ਕਿਤੇ ਦੋਵਾਂ ਦੀ ਨਸ਼ੇ ਦੇ ਮਾਮਲੇ ਵਿਚ ਮਿਲੀਭੁਗਤ ਹੈ, ਜਦਕਿ ਇਸ ਪਾਰਟੀ ਦੇ ਆਗੂ ਤੇ ਵਿਧਾਇਕ ਵੀ ਖਹਿਰੇ ਤੋਂ ਨੈਤਿਕਤਾ ਦੇ ਆਧਾਰ 'ਤੇ ਅਸਤੀਫੇ ਦੀ ਮੰਗ ਕਰ ਚੁੱਕੇ ਹਨ।  ਉਨ੍ਹਾਂ ਕਿਹਾ ਕਿ ਖਹਿਰਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਸ ਘਟਨਾ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਨਸ਼ੇ ਦੇ ਮਾਮਲੇ ਵਿਚ ਸ਼ਾਮਿਲ ਹੋਰ ਲੋਕਾਂ ਦਾ ਚਿਹਰਾ ਵੀ ਸਾਹਮਣੇ ਆ ਸਕੇ। ਰੋਸ ਪ੍ਰਦਰਸ਼ਨ ਕਾਰਨ ਕਾਫੀ ਸਮੇਂ ਤਕ ਆਵਾਜਾਈ ਵੀ ਪ੍ਰਭਾਵਿਤ ਰਹੀ।
ਉਨ੍ਹਾਂ ਕਿਹਾ ਕਿ ਜਦੋਂ ਤਕ ਸੁਖਪਾਲ ਸਿੰਘ ਖਹਿਰਾ ਅਸਤੀਫਾ ਨਹੀਂ ਦਿੰਦੇ, ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਗੁਰਦੀਪ ਸਿੰਘ ਸੇਠੀ, ਮਨਦੀਪ ਸਿੰਘ ਸੰਧੂ, ਮਨਪ੍ਰੀਤ ਸਿੰਘ ਬਬਰਾ, ਇੰਦਰਪ੍ਰੀਤ ਸਿੰਘ ਟਿੰਕੂ ਸਮੇਤ ਵੱਡੀ ਗਿਣਤੀ 'ਚ ਯੂਥ ਆਗੂ ਤੇ ਵਰਕਰ ਹਾਜ਼ਰ ਸਨ।


Related News