ਖਿਡਾਰੀਆਂ ਨੂੰ ਨਹੀਂ ਮਿਲੀ 2 ਸਾਲ ਦੀ ਪ੍ਰਾਈਜ਼ ਮਨੀ , ਵੀ. ਸੀ. ਕਰ ਰਹੇ ਨੇ ਖੋਖਲੇ ਦਾਅਵੇ

11/19/2017 9:49:11 AM

ਪਟਿਆਲਾ (ਪ੍ਰਤਿਭਾ)-ਪੰਜਾਬੀ ਯੂਨੀਵਰਸਿਟੀ ਨੇ ਖੇਡਾਂ ਦੇ ਦਮ 'ਤੇ ਆਪਣਾ ਨਾਂ ਪੂਰੇ ਦੇਸ਼ ਵਿਚ ਚਮਕਾਇਆ ਹੈ ਤੇ ਪਿਛਲੇ 10 ਸਾਲਾਂ ਤੋਂ ਖੇਡਾਂ ਦੀ ਸਭ ਤੋਂ ਵੱਡੀ ਟਰਾਫੀ (ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ) ਆਪਣੇ ਨਾਂ ਕੀਤੀ ਹੈ । ਭਾਵੇਂ ਵਾਈਸ ਚਾਂਸਲਰ ਨੇ ਪਿਛਲੇ ਦਿਨਾਂ ਵਿਚ ਮਾਕਾ ਟਰਾਫੀ ਲੈ ਕੇ ਵੱਡੇ-ਵੱਡੇ ਦਾਅਵੇ ਜ਼ਰੂਰ ਕੀਤੇ ਪਰ ਹਕੀਕਤ ਇਹ ਨਹੀਂ ਹੈ ਕਿਉਂਕਿ ਹਾਲਾਤ ਇੰਨੇ ਖਰਾਬ ਹਨ ਕਿ ਖਿਡਾਰੀਆਂ ਨੂੰ ਉੁਨ੍ਹਾਂ ਦੀ ਬਣਦੀ ਪ੍ਰਾਈਜ਼ ਮਨੀ ਹੀ ਨਹੀਂ ਮਿਲ ਰਹੀ ਹੈ। 
2015-16 ਦੀ ਪ੍ਰਾਈਜ਼ ਮਨੀ ਹੀ 1.75 ਕਰੋੜ ਰੁਪਏ ਤੋਂ ਵੱਧ ਹੈ ਤੇ ਉਸ ਤੋਂ ਬਾਅਦ 2016-17 ਦੀ ਵੀ 2 ਕਰੋੜ ਰੁਪਏ ਦੇ ਲਗਭਗ ਹੈ। ਅਜੇ ਇਨ੍ਹਾਂ ਦੋ ਸਾਲਾਂ ਦੀ ਪ੍ਰਾਈਜ਼ ਮਨੀ ਹੀ ਨਹੀਂ ਮਿਲੀ ਅਤੇ 2017-18 ਸੈਸ਼ਨ ਦੀ ਪ੍ਰਾਈਜ਼ ਮਨੀ ਵੀ ਤਿਆਰ ਹੈ। ਇਕ ਗੱਲ ਹੋਰ ਕਿ ਵੀ. ਸੀ. ਡਾ. ਬੀ. ਐੱਸ. ਘੁੰਮਣ ਦਾ ਦਾਅਵਾ ਸੀ ਕਿ ਨਵੰਬਰ ਵਿਚ ਸਾਰੇ ਖਿਡਾਰੀਆਂ ਨੂੰ ਉੁਨ੍ਹਾਂ ਦੀ ਪ੍ਰਾਈਜ਼ ਮਨੀ ਦੇ ਦਿੱਤੀ ਜਾਵੇਗੀ ਪਰ ਉਸ 'ਤੇ ਅਮਲ ਹੁਣ ਤੱਕ ਨਹੀਂ ਹੋਇਆ। 
ਪੁਜ਼ੀਸ਼ਨਾਂ 'ਤੇ ਪੈ ਰਿਹੈ ਫਰਕ
ਕੈਂਪਸ ਵਿਚ ਫੰਡ ਦੀ ਕਮੀ ਦੇ ਬਹਾਨੇ ਬਣਾ ਕੇ ਢੰਗ ਨਾਲ ਕੈਂਪ ਵੀ ਨਹੀਂ ਲੱਗ ਰਹੇ। ਅਜਿਹੇ ਵਿਚ ਇਸ ਸਾਲ ਦੀ ਖਿਡਾਰੀਆਂ ਦੀ ਪੁਜ਼ੀਸ਼ਨਾਂ 'ਤੇ ਵੀ ਫਰਕ ਪਿਆ ਹੈ। ਇਸ ਵਿਚ ਤਾਜ਼ਾ ਉਦਾਹਰਣ ਆਲ ਇੰਡੀਆ ਕ੍ਰਾਸਕੰਟਰੀ ਮੁਕਾਬਲੇ ਦਾ ਲਿਆ ਜਾ ਸਕਦਾ ਹੈ, ਜਿਥੇ ਲੜਕਿਆਂ ਦੀ ਟੀਮ ਤੀਜੇ ਅਤੇ ਲੜਕੀਆਂ ਦੀ ਟੀਮ ਚੌਥੇ ਸਥਾਨ 'ਤੇ ਆਈ ਹੈ ਜਦੋਂ ਕਿ ਪਿਛਲੇ ਸਾਲ ਲੜਕਿਆਂ ਦੀ ਟੀਮ ਜੇਤੂ ਰਹੀ ਸੀ ਤੇ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ। 
ਐਥਲੈਟਿਕਸ ਦੇ 1.36 ਲੱਖ ਦਾ ਖਰਚਾ ਵੀ ਨਹੀਂ ਦਿੱਤਾ ਗਿਆ
ਯੂਨੀਵਰਸਿਟੀ ਆਪਣੇ ਵਿੱਤੀ ਹਾਲਾਤਾਂ ਦਾ ਰੋਣਾ ਰੋ ਰਹੀ ਹੈ ਪਰ ਯੂਨੀਵਰਸਿਟੀ ਦਾ ਨਾਂ ਦੇਸ਼ ਵਿਚ ਚਮਕਾਉੁਣ ਵਾਲੇ ਕੋਚਾਂ ਤੇ ਖਿਡਾਰੀਆਂ ਨੂੰ ਫੰਡ ਦੇਣ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ। ਐਥਲੈਟਿਕਸ ਦਾ ਕੈਂਪ ਲਾਇਆ ਗਿਆ ਤਾਂ ਵਿਭਾਗ ਵੱਲੋਂ ਯੂਨੀਵਰਸਿਟੀ ਅਥਾਰਟੀ ਨੂੰ 1.36 ਲੱਖ ਰੁਪਏ ਦਾ ਬਜਟ ਬਣਾ ਕੇ ਦੇ ਦਿੱਤਾ ਗਿਆ ਸੀ। ਕੈਂਪ ਲੱਗਣ ਤੋਂ ਬਾਅਦ ਕਈ ਮੁਕਾਬਲੇ ਵੀ ਹੋ ਗਏ ਪਰ ਉਸ ਦੇ ਬਾਵਜੂਦ ਹੁਣ ਤੱਕ ਇਹ ਖਰਚਾ ਨਹੀਂ ਦਿੱਤਾ ਗਿਆ ਜੋ ਕਿ ਵਿਭਾਗ ਨੇ ਕੈਂਪ ਲਾਉੁਣ ਵਾਲੇ ਖਿਡਾਰੀਆਂ ਤੇ ਉੁਨ੍ਹਾਂ ਦੇ ਕੋਚਾਂ ਨੂੰ ਦੇਣਾ ਹੁੰਦਾ ਹੈ। 
19 ਕਰੋੜ ਰੁਪਏ ਦਾ ਬਜਟ ਹੈ ਖੇਡ ਦਾ
ਯੂਨੀਵਰਸਿਟੀ ਖੇਡ ਵਿਭਾਗ ਦਾ ਬਜਟ ਹਰ ਸਾਲ 19 ਕਰੋੜ ਰੁਪਏ ਦਾ ਹੁੰਦਾ ਹੈ। ਇਹ ਉਹ ਪੈਸਾ ਹੈ ਜੋ ਕਿ ਕਾਲਜ, ਯੂਨੀਵਰਸਿਟੀਆਂ ਦੇ ਹਰ ਵਿਦਿਆਰਥੀ ਤੋਂ ਸਪੋਰਟਸ ਫੰਡ ਦੇ ਨਾਂ 'ਤੇ ਲਿਆ ਜਾਂਦਾ ਹੈ। ਕਾਲਜਾਂ ਦੇ ਵਿਦਿਆਰਥੀਆਂ ਤੋਂ 1054 ਰੁਪਏ ਸਪੋਰਟਸ ਫੰਡ ਲਿਆ ਜਾਂਦਾ ਹੈ। ਇਸ ਵਿਚੋਂ 100 ਰੁਪਏ ਕਾਲਜ ਆਪਣੇ ਖਾਤੇ ਵਿਚ ਜਮ੍ਹਾ ਕਰਦਾ ਹੈ ਤੇ 954 ਰੁਪਏ ਯੂਨੀਵਰਸਿਟੀ ਦੇ ਖਾਤੇ ਵਿਚ ਜਾਂਦੇ ਹਨ। 
ਜਾਣਕਾਰੀ ਅਨੁਸਾਰ 19 ਕਰੋੜ ਰੁਪਏ ਫੰਡ ਨੂੰ ਵੀ ਯੂਨੀਵਰਸਿਟੀ ਅਥਾਰਟੀ ਖੇਡ ਵਿਭਾਗ ਨੂੰ ਨਹੀਂ ਦੇ ਰਿਹਾ। ਬਲਕਿ ਇਸ ਫੰਡ ਵਿਚੋਂ ਖੇਡ ਵਿਭਾਗ ਦੇ ਸਟਾਫ ਦੀ ਸੈਲਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਸੈਲਰੀ ਦੇਣ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੈ। ਉਹ ਖੇਡ ਵਿਭਾਗ ਦੇ ਫੰਡ ਨੂੰ ਯੂਜ਼ ਨਹੀਂ ਕਰ ਸਕਦੀ। 
ਟੀਮ ਨਾਲ ਸਿਰਫ ਇਕ ਕੋਚ ਭੇਜਣ ਦੀ ਕਹੀ ਗੱਲ
ਨਵੇਂ ਵੀ. ਸੀ. ਡਾ. ਬੀ. ਐੱਸ. ਘੁੰਮਣ ਦੇ ਆਉੁਣ ਤੋਂ ਬਾਅਦ ਯੂਨੀਵਰਸਿਟੀ ਅਫਸਰਾਂ ਦੀਆਂ ਮਨਮਾਨੀਆਂ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਡੀਨ ਡਾਇਰੈਕਟਰਾਂ ਨੇ ਬੰਦ ਕੀਤੀਆਂ ਗਈਆਂ ਗੱਡੀਆਂ ਫਿਰ ਤੋਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੁਣ ਤਕਰੀਬਨ ਹਰ ਰੋਜ਼ ਸੈਮੀਨਾਰ ਕਰਵਾਏ ਜਾ ਰਹੇ ਹਨ। ਇਨ੍ਹਾਂ 'ਤੇ ਹਰ ਮਹੀਨੇ ਕਰੋੜਾਂ ਰੁਪਏ ਖਰਚਾ ਹੁੰਦਾ ਹੈ ਪਰ ਖਰਚਾ ਘੱਟ ਕਰਨ ਲਈ ਅਥਾਰਟੀ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਟੀਮਾਂ ਨਾਲ ਕੋਚ ਸਿਰਫ ਇਕ ਹੀ ਭੇਜਿਆ ਜਾਵੇ। 
ਜੇਕਰ ਇਹੀ ਹਾਲ ਰਿਹਾ ਤਾਂ ਮੁਸ਼ਕਲ ਖੜ੍ਹੀ ਹੋ ਜਾਵੇਗੀ : ਡਾਇਰੈਕਟਰ ਸਪੋਰਟਸ
ਉੁਥੇ ਇਸ ਮਾਮਲੇ ਵਿਚ  ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਨੇ ਕਿਹਾ ਕਿ ਖੇਡ ਵਿਭਾਗ ਨੂੰ ਪਿਛਲੇ ਕੁਝ ਸਮੇਂ ਤੋਂ ਫੰਡ ਠੀਕ ਤਰ੍ਹਾਂ ਨਹੀਂ ਮਿਲ ਰਿਹਾ। ਇਹ ਵੀ ਸੱਚ ਹੈ ਕਿ ਜੋ ਰੈਗੂਲਰ ਕੈਂਪ ਲਾਏ ਜਾਣੇ ਚਾਹੀਦੇ ਸੀ, ਉਹ ਇਸ ਸਾਲ ਨਹੀਂ ਲੱਗੇ। 2 ਸਾਲ ਤੋਂ ਖਿਡਾਰੀਆਂ ਲਈ ਕੋਈ ਨਵਾਂ ਸਾਮਾਨ ਵੀ ਨਹੀਂ ਖਰੀਦਿਆ ਗਿਆ। ਖਿਡਾਰੀ, ਕੈਂਪ, ਟੀਮਾਂ ਦਾ ਜੋ ਬਣਦਾ ਫੰਡ ਹੈ, ਜਦੋਂ ਵੀ ਉਹ ਮੰਗਿਆ ਜਾਂਦਾ ਹੈ ਤਾਂ ਅਥਾਰਟੀ ਕਹਿੰਦੀ ਹੈ ਬਾਅਦ ਵਿਚ ਦੇਵਾਂਗੇ। ਜੇਕਰ ਇਹੀ ਹਾਲ ਰਿਹਾ ਤਾਂ ਫਿਰ ਖੇਡਾਂ ਦਾ ਮਾੜਾ ਹਾਲ ਹੋਵੇਗਾ। ਇਸ ਨਾਲ ਮੁਸ਼ਕਲ ਖੜ੍ਹੀ ਹੋ ਜਾਵੇਗੀ।


Related News