ਬਦਲਾਖੋਰੀ ਵਾਲੀਆਂ ਨੀਤੀਆਂ ਨਾਲ ਪੰਜਾਬ ਦਾ ਭਲਾ ਨਹੀਂ ਹੋਣ ਵਾਲਾ : ਧੁੱਗਾ

Monday, July 17, 2017 6:22 AM
ਬਦਲਾਖੋਰੀ ਵਾਲੀਆਂ ਨੀਤੀਆਂ ਨਾਲ ਪੰਜਾਬ ਦਾ ਭਲਾ ਨਹੀਂ ਹੋਣ ਵਾਲਾ : ਧੁੱਗਾ

ਹਰਿਆਣਾ, (ਆਨੰਦ)- ''ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਬਦਲਾਖੋਰੀ ਵਾਲੀਆਂ ਨੀਤੀਆਂ ਦਾ ਤਿਆਗ ਕਰ ਕੇ ਪੰਜਾਬ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਦਲਾਖੋਰੀ ਵਾਲੀਆਂ ਨੀਤੀਆਂ ਨਾਲ ਪੰਜਾਬ ਦਾ ਭਲਾ ਨਹੀਂ ਹੋਣ ਵਾਲਾ। ਅਕਾਲੀ-ਭਾਜਪਾ ਸਰਕਾਰ ਸਮੇਂ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗਈਆਂ ਗਰਾਂਟਾਂ ਕੈਪਟਨ ਸਰਕਾਰ ਵੱਲੋਂ ਵਾਪਸ ਲਏ ਜਾਣ ਕਾਰਨ ਪੰਜਾਬ ਦੇ ਵਿਕਾਸ ਕੰਮਾਂ 'ਚ ਬਹੁਤ ਵੱਡੀ ਖੜੋਤ ਆ ਗਈ ਹੈ ਅਤੇ ਪੰਜਾਬ ਦੀ ਜਨਤਾ ਦਾ ਥੋੜ੍ਹੇ ਅਰਸੇ 'ਚ ਹੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ।''
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਦੇਸ ਰਾਜ ਸਿੰਘ ਧੁੱਗਾ ਨੇ ਹਰਿਆਣਾ ਦੇ ਨੇੜੇ ਪੈਂਦੇ ਪਿੰਡ ਕੰਗ ਮਾਈ ਵਿਖੇ ਪੰਚਾਂ, ਸਰਪੰਚਾਂ ਤੇ ਅਕਾਲੀ-ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਧੁੱਗਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਸਰਬਪੱਖੀ ਵਿਕਾਸ ਦੀ ਕੜੀ ਨੂੰ ਅੱਗੇ ਤੋਰਨਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਠੱਪ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰੋਜ਼ਗਾਰ ਦੇਣ ਦੀ ਬਜਾਏ ਬਦਲਾਖੋਰੀ ਵਾਲੀ ਨੀਤੀ ਤਹਿਤ ਅਧਿਕਾਰੀਆਂ ਨੂੰ ਬਰਖਾਸਤ ਕਰ ਰਹੀ ਹੈ। 
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਕਾਨ ਜਾਂ ਫਿਰ ਹੋਰ ਕੰਮਾਂ ਦੀ ਉਸਾਰੀ ਲਈ ਪੈਸੇ ਖਰਚ ਕੇ ਵੀ ਰੇਤਾ-ਬੱਜਰੀ ਨਸੀਬ ਨਹੀਂ ਹੋ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਰਪੰਚ ਸਨੇਹ ਲਤਾ ਘੁਗਿਆਲ, ਸਰਪੰਚ ਰੁਪਿੰਦਰ ਕੌਰ, ਸਰਪੰਚ ਸੁਰਿੰਦਰ ਕੌਰ ਕੰਗਮਾਈ, ਸਰਪੰਚ ਸਰਵਿੰਦਰ ਕੌਰ, ਰਛਪਾਲ ਸਿੰਘ, ਪਵਨ ਕੁਮਾਰ, ਮਲਕੀਤ ਸਿੰਘ, ਪ੍ਰਵੀਨ ਕੁਮਾਰੀ, ਸੰਜੀਵ ਕੁਮਾਰ, ਰਿੱਕੀ, ਰਾਕੇਸ਼ ਕੁਮਾਰ, ਮਹੇਸ਼ ਕੁਮਾਰ, ਸੋਹਣ ਲਾਲ, ਬਹਾਦਰ ਸਿੰਘ, ਮੁਨੀਸ਼ ਵਸ਼ਿਸ਼ਟ ਆਦਿ ਹਾਜ਼ਰ ਸਨ।