ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਿਆਸੀ ਸਮਝੌਤਾ ਨਹੀਂ ਅਤੇ ਨਾ ਹੀ ''ਆਪ'' ਆਗੂ ਸੁਖਬੀਰ ਦੇ ਜਾਲ ''ਚ ਫਸੇ : ਫੂਲਕਾ

06/26/2017 11:48:25 AM

ਚੰਡੀਗੜ੍ਹ — ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਸਦਨ ਦੇ ਬਜਟ ਸੈਸ਼ਨ ਦੌਰਾਨ ਅਕਾਲੀ-ਭਾਜਪਾ ਨੇਤਾਵਾਂ ਵਲੋਂ 'ਆਪ' ਵਿਧਾਇਕਾਂ ਦੀ ਮਦਦ ਲਈ ਅੱਗੇ ਆਉਣ ਦਾ ਇਹ ਅਰਥ ਨਹੀਂ ਹੈ ਕਿ ਦੋਵਾਂ ਵਿਚਕਾਰ ਕੋਈ ਸਿਆਸੀ ਸਮਝੌਤਾ ਜਾਂ ਤਾਲਮੇਲ ਹੋ ਗਿਆ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਸਦਨ 'ਚ ਘਟਨਾਕ੍ਰਮ ਦੌਰਾਨ 'ਆਪ' ਨੇਤਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਛਾਏ ਗਏ ਜਾਲ 'ਚ ਫਸ ਕੇ ਰਹਿ ਗਏ ਹਨ, ਜਿਸ ਕਾਰਨ ਉਹ ਵਿਧਾਨ ਸਭਾ 'ਚ ਲੋਕਹਿਤ ਸੰਬੰਧੀ ਮੁੱਦਿਆਂ ਨੂੰ ਉਠਾਉਣ ਦੀ ਬਜਾਏ ਸਦਨ ਦੀ ਕਾਰਵਾਈ ਨੂੰ ਲੈ ਕੇ ਉਠੇ ਸੁਆਲਾਂ 'ਚ ਹੀ ਉਲਝੇ ਰਹੇ।

'ਸਪੀਕਰ ਵੱਲੋਂ ਮੁਅੱਤਲੀ ਦੇ ਨਿਰਦੇਸ਼ ਸਿਰਫ ਖਹਿਰਾ ਤੇ ਬੈਂਸ ਨਾਲ ਸੰਬੰਧਤ ਸਨ'
ਫੂਲਕਾ ਨੇ ਕਿਹਾ ਕਿ ਜਦੋਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ 'ਆਪ' ਵਿਧਾਇਕਾਂ ਨੂੰ ਨੇਮ ਕਰਨ ਮਗਰੋਂ ਸਦਨ ਤੋਂ ਚਲੇ ਜਾਣ ਲਈ ਕਿਹਾ ਤਾਂ ਉਹ ਬਾਹਰ ਚਲੇ ਗਏ ਸਨ ਪਰ ਸੁਖਬੀਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਸਦਨ 'ਚ ਬੁਲਾ ਲਿਆ ਕਿ ਸਪੀਕਰ ਨੇ ਉਨ੍ਹਾਂ ਨੂੰ ਸਦਨ ਤੋਂ ਕੱਢਣ ਸੰਬੰਧੀ ਕੋਈ ਆਰਡਰ ਨਹੀਂ ਦਿੱਤਾ। ਫੂਲਕਾ ਨੇ ਕਿਹਾ ਕਿ ਉਨ੍ਹਾਂ ਖੁਦ ਇਸ ਗੱਲ ਦੀ ਤਸਦੀਕ ਕੀਤੀ ਕਿ ਸਪੀਕਰ ਦਾ ਮੁਅੱਤਲੀ ਸੰਬੰਧੀ ਨੋਟਿਸ ਸਿਰਫ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨਾਲ ਹੀ ਸੰਬੰਧਤ ਸੀ। ਇਸ ਲਈ ਉਹ ਵਾਪਸ ਸਦਨ 'ਚ ਆ ਗਏ, ਜਿਸ ਦਾ ਸਪੀਕਰ ਨੇ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਮਾਰਸ਼ਲਾਂ ਜ਼ਰੀਏ ਸਦਨ ਤੋਂ ਬਾਹਰ ਕਰਵਾ ਦਿੱਤਾ, ਜਿਸ ਦੌਰਾਨ ਵਾਚ ਐਂਡ ਵਾਰਡ ਸਟਾਫ ਵਿਚ ਝੜਪਾਂ ਵੀ ਹੋਈਆਂ।


Related News