198 ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਉਸਾਰੀ ਮੁਕੰਮਲ : ਵਿੰਨੀ ਮਹਾਜਨ

06/24/2017 6:49:48 AM

ਰੂਪਨਗਰ/ਚੰਡੀਗੜ੍ਹ  (ਵਿਜੇ) - ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀ. ਐੱਸ. ਡੀ. ਐੱਮ.) ਅਧੀਨ ਸੂਬੇ 'ਚ 39.20 ਕਰੋੜ ਦੀ ਰਾਸ਼ੀ ਖਰਚ ਕੇ 198 ਸਕਿੱਲ ਡਿਵੈਲਪਮੈਂਟ ਸੈਂਟਰ ਉਸਾਰੇ ਗਏ ਹਨ। ਇਨ੍ਹਾਂ ਸੈਂਟਰਾਂ ਦੀ ਉਸਾਰੀ 'ਤੇ ਆਉਣ ਵਾਲਾ ਖਰਚਾ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੰਮ ਕਰਦੀਆਂ ਵੱਖ-ਵੱਖ ਵਿਕਾਸ ਅਥਾਰਟੀਆਂ ਵੱਲੋਂ ਕੀਤਾ ਗਿਆ ਹੈ। ਇਸ ਸਬੰਧੀ ਮਕਾਨ ਉਸਾਰੀ ਤੇ ਸ਼ਹਿਰੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਖੇਤਰ 'ਚ 13 ਸਕਿੱਲ ਡਿਵੈਲਪਮੈਂਟ ਸੈਂਟਰ ਉਸਾਰ ਕੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਗਏ ਹਨ। ਇਸੇ ਤਰ੍ਹਾਂ ਏ. ਡੀ. ਏ. (ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ) ਦੇ ਖੇਤਰ 'ਚ 52, ਗਲਾਡਾ (ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਖੇਤਰ 'ਚ 35, ਬੀ. ਡੀ. ਏ. (ਬਠਿੰਡਾ ਡਿਵੈਲਪਮੈਂਟ ਅਥਾਰਟੀ) ਦੇ ਖੇਤਰ 'ਚ 46, ਪੀ. ਡੀ. ਏ. (ਪਟਿਆਲਾ ਡਿਵੈਲਪਮੈਂਟ ਅਥਾਰਟੀ) ਦੇ ਖੇਤਰ 'ਚ 26 ਤੇ ਜੇ. ਡੀ. ਏ. (ਜਲੰਧਰ ਡਿਵੈਲਪਮੈਂਟ ਅਥਾਰਟੀ) ਦੇ ਖੇਤਰ 'ਚ 26 ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਉਸਾਰੀ ਮਿੱਥੇ ਸਮੇਂ 'ਚ ਮੁਕੰਮਲ ਕੀਤੀ ਗਈ ਹੈ। ਹਰ ਡਿਵੈਲਪਮੈਂਟ ਸੈਂਟਰ ਦੀ ਉਸਾਰੀ 'ਤੇ 19.80 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਸੈਂਟਰ ਸੂਬੇ ਦੇ ਪੇਂਡੂ ਇਲਾਕਿਆਂ 'ਚ ਸਰਕਾਰੀ ਐਲੀਮੈਂਟਰੀ ਸਕੂਲਾਂ, ਸੀਨੀਅਰ ਸੈਕੰਡਰੀ ਸਕੂਲਾਂ ਤੇ ਹਾਈ ਸਕੂਲਾਂ ਦੀਆਂ ਇਮਾਰਤਾਂ 'ਚ ਉਸਾਰੇ ਗਏ ਹਨ। ਵਿੰਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਸੂਬੇ ਦੇ 2 ਲੱਖ ਨੌਜਵਾਨਾਂ ਨੂੰ ਹੁਨਰਮੰਦ ਕਰਨਾ ਹੈ। ਹਰ ਸਕਿੱਲ ਡਿਵੈਲਪਮੈਂਟ ਸੈਂਟਰ 2 ਵੱਖ-ਵੱਖ ਕੋਰਸ ਆਫਰ ਕਰੇਗਾ, ਜਿਨ੍ਹਾਂ 'ਚ ਕਸਟਮਰ ਕੇਅਰ, ਹੇਅਰ ਸਟਾਈਲਿਸਟ, ਹੈਂਡਸੈੱਟ ਰਿਪੇਅਰ, ਸਿਲਾਈ ਮਸ਼ੀਨ ਆਪ੍ਰੇਟਰ, ਟ੍ਰੇਨਿੰਗ ਐਸੋਸੀਏਟ, ਜਨਰਲ ਡਿਊਟੀ ਐਸੋਸੀਏਟ, ਕੋਰੀਅਰ ਡਲਿਵਰੀ, ਡਾਟਾ ਐਂਟਰੀ ਆਪ੍ਰੇਟਰ, ਸਟੋਰ ਪ੍ਰਮੋਟਰ ਤੇ ਬਿਊਟੀ ਥੈਰੇਪਿਸਟ ਸ਼ਾਮਲ ਹਨ।


Related News