ਬਿਨਾਂ ''ਕਪਤਾਨ'' ਦੇ ਪ੍ਰੀਖਿਆ ਦੀਆਂ ਤਿਆਰੀਆਂ ''ਚ ਜੁਟਿਆ ਸਿੱਖਿਆ ਵਿਭਾਗ

01/17/2018 1:16:57 PM

ਜਲੰਧਰ (ਸੁਮਿਤ)— ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਅਤੇ ਕਲਾਸ 9ਵੀਂ ਅਤੇ 11ਵੀਂਦੀਆਂ ਫਾਈਨਲ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਇਸ ਵਾਰ ਤਿਆਰੀ ਲਈ ਟੀਮ ਤਾਂ ਹੈ ਪਰ ਕਪਤਾਨ ਭਾਵ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਦਾ ਅਹੁਦਾ ਖਾਲੀ ਪਿਆ ਹੈ। ਅਜਿਹੀ ਹਾਲਤ ਵਿਚ ਬਿਨਾਂ ਕਪਤਾਨ ਦੇ ਹੀ ਟੀਮ ਵੱਲੋਂ ਪ੍ਰੀਖਿਆ ਦੀਆਂ ਤਿਆਰੀਆਂ ਭਾਵੇਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਇਸ ਦੀ ਅਸਲ ਜ਼ਿੰਮੇਵਾਰੀ ਲੈਣ ਲਈ ਸਿੱਖਿਆ ਵਿਭਾਗ ਪੰਜਾਬ ਨੂੰ ਜ਼ਰੂਰ ਕੋਈ ਅਧਿਕਾਰੀ ਨਿਯੁਕਤ ਕਰਨਾ ਚਾਹੀਦਾ ਹੈ।
ਜੇਕਰ ਦੇਖਿਆ ਜਾਵੇ ਤਾਂ 28 ਦਸੰਬਰ ਨੂੰ ਅਹੁਦੇ ਤੋਂ ਸਿੱਖਿਆ ਅਧਿਕਾਰੀ ਨੀਲਮ ਕੁਮਾਰੀ ਰਿਟਾਇਰ ਹੋਈ ਸੀ, ਉਦੋਂ ਤੋਂ ਹੀ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਦੀ ਕੁਰਸੀ ਖਾਲੀ ਪਈ ਹੈ। ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਇੰਨੇ ਦਿਨਾਂ ਵਿਚ ਕਿਸੇ ਵੀ ਹੋਰ ਅਧਿਕਾਰੀ ਨੂੰ ਚਾਰਜ ਵੀ ਨਹੀਂ ਦਿੱਤਾ ਗਿਆ। 
ਜਾਣਕਾਰੀ ਮੁਤਾਬਕ ਜ਼ਿਲਾ ਸਾਇੰਸ ਸੁਪਰਵਾਈਜ਼ਰ ਵੱਲੋਂ ਤਾਂ ਪਹਿਲਾਂ ਹੀ ਕੰਮ ਕਾਰਨ ਜ਼ਿਲਾ ਸਿੱਖਿਆ ਅਧਿਕਾਰੀ ਦਾ ਚਾਰਜ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਡਿਪਟੀ ਡੀ. ਈ. ਓ. ਪਹਿਲਾਂ ਹੀ ਐਡਹਾਕ 'ਤੇ ਹਨ, ਜਿਸ ਕਾਰਨ ਉਨ੍ਹਾਂ ਨੂੰ ਚਾਰਜ ਨਹੀਂ ਦਿੱਤਾ ਗਿਆ। 
ਸੋਚਣ ਵਾਲੀ ਗੱਲ ਇਹ ਹੈ ਕਿ ਸਥਾਈ ਸਿੱਖਿਆ ਅਧਿਕਾਰੀ ਦੇ ਬਿਨਾਂ ਪ੍ਰੀਖਿਆਵਾਂ ਦੇ ਦਿਨਾਂ ਵਿਚ ਕੰਮ ਕਿਸ ਤਰ੍ਹਾਂ ਚਲਾਇਆ ਜਾ ਸਕਦਾ ਹੈ। ਉਥੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦਾ ਵੀ ਕਹਿਣਾ ਹੈ ਕਿ ਦਫਤਰ ਦੇ ਬਹੁਤ ਕੰਮ ਰੁਕ ਜਾਂਦੇ ਹਨ। ਇਸ ਲਈ ਜ਼ਿਲਾ ਸਿੱਖਿਆ ਅਧਿਕਾਰੀ ਦੀ ਨਿਯੁਕਤੀ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ। 
ਕਈ ਹੋਰ ਜ਼ਿਲਿਆਂ 'ਚ ਵੀ ਸਥਿਤੀ ਅਜਿਹੀ
ਬਿਨਾਂ ਸਿੱਖਿਆ ਅਧਿਕਾਰੀ ਦੇ ਸਿਰਫ ਜਲੰਧਰ ਦਾ ਸਿੱਖਿਆ ਵਿਭਾਗ ਹੀ ਕੰਮ ਨਹੀਂ ਚਲਾ ਰਿਹਾ, ਸਗੋਂ ਸੂਬੇ ਦੇ ਕੁਝ ਹੋਰ ਜ਼ਿਲਿਆਂ ਵਿਚ ਵੀ ਸਿੱਖਿਆ ਅਧਿਕਾਰੀ ਦੇ ਅਹੁਦੇ ਖਾਲੀ ਪਏ ਹਨ। ਇਨ੍ਹਾਂ ਵਿਚ ਫਾਜ਼ਿਲਕਾ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਅਤੇ ਐਲੀਮੈਂਟਰੀ ਦੋਵੇਂ ਹੀ ਅਹੁਦੇ ਖਾਲੀ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ, ਨਵਾਂਸ਼ਹਿਰ ਸਮੇਤ ਹੋਰ ਜ਼ਿਲਿਆਂ ਵਿਚ ਵੀ ਅਹੁਦੇ ਖਾਲੀ ਪਏ ਹਨ। 
ਰਾਮਪਾਲ ਨੂੰ ਮਿਲੀਆਂ ਡੀ. ਈ. ਓ. ਪਾਵਰਾਂ
ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਦਾ ਅਹੁਦਾ ਕਰੀਬ 18 ਦਿਨ ਖਾਲੀ ਰਹਿਣ ਤੋਂ ਬਾਅਦ ਭਾਵੇਂ ਡੀ. ਈ. ਓ. ਪਾਵਰਾਂ ਸਿੱਖਿਆ ਅਧਿਕਾਰੀ ਪ੍ਰਾਇਮਰੀ ਰਾਮਪਾਲ ਨੂੰ ਦਿੱਤੀਆਂ ਗਈਆਂ ਹਨ ਪਰ ਇਹ ਸਿਰਫ ਨਾਂ ਦੀਆਂ ਹੀ ਹਨ, ਕਿਉਂਕਿ ਰਾਮਪਾਲ ਕੋਲ ਸਿੱਖਿਆ ਵਿਭਾਗ ਐਲੀਮੈਂਟਰੀ, ਸਰਬ ਸਿੱਖਿਆ ਮੁਹਿੰਮ 'ਤੇ ਮਿੱਡ-ਡੇ ਮੀਲ ਦਾ ਚਾਰਜ ਹੈ। ਉਨ੍ਹਾਂ ਨੂੰ ਇਨ੍ਹਾਂ ਅਹੁਦਿਆਂ ਤੋਂ ਹੀ ਸਮਾਂ ਨਹੀਂ ਮਿਲਦਾ। ਇਹ ਡੀ. ਈ. ਓ. ਪਾਵਰਾਂ ਦਫਤਰ ਸਟਾਫ ਦੀ ਸੈਲਰੀ ਕੱਢਵਾਉਣ ਲਈ ਹੀ ਦਿੱਤੀਆਂ ਗਈਆਂ ਹਨ।


Related News