ਜੱਸੀ ਕਤਲ ਕੇਸ 'ਚ ਨਵਾਂ ਮੋੜ, ਐਨ ਮੌਕੇ 'ਤੇ ਜਹਾਜ਼ 'ਚੋਂ ਉਤਾਰੇ ਗਏ ਮਾਂ ਤੇ ਮਾਮਾ

09/23/2017 9:35:21 AM

ਟੋਰਾਂਟੋ— ਕੈਨੇਡਾ 'ਚ ਚੱਲ ਰਹੇ ਪੰਜਾਬੀ ਮੂਲ ਦੇ ਪਰਿਵਾਰ ਦੇ ਕੇਸ 'ਚ ਨਵਾਂ ਮੋੜ ਆ ਗਿਆ ਹੈ। 17 ਸਾਲਾਂ ਤੋਂ ਚੱਲ ਰਹੇ ਇਸ ਕੇਸ 'ਚ ਉਸ ਸਮੇਂ ਇਹ ਨਵਾਂ ਮੋੜ ਆਇਆ ਜਦੋਂ ਕੈਨੇਡਾ ਦੀ ਸੁਪਰੀਮ ਕੋਰਟ ਨੇ ਦੋ ਮੁੱਖ ਮੁਲਜ਼ਮਾਂ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਉਸ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਪੰਜਾਬ ਪੁਲਸ ਨਾਲ ਭਾਰਤ ਭੇਜਣ ਤੋਂ ਰੋਕ ਦਿੱਤਾ। ਕਿਹਾ ਜਾ ਰਿਹਾ ਹੈ ਕਿ ਅਦਾਲਤ ਦਾ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਉਹ ਭਾਰਤ ਲਈ ਰਵਾਨਾ ਹੋਣ ਹੀ ਵਾਲੇ ਸਨ। ਜਿਵੇਂ ਹੀ ਜਹਾਜ਼ ਦੋਹਾਂ ਨੂੰ ਲੈ ਕੇ ਭਾਰਤ ਲਈ ਉੱਡਣ ਲੱਗਿਆ ਤਾਂ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਹਵਾਲਗੀ 'ਤੇ ਰੋਕ ਲਗਾ ਦਿੱਤੀ। ਜੇਕਰ ਸਭ ਕੁਝ ਠੀਕ ਰਹਿੰਦਾ ਤਾਂ ਪੰਜਾਬ ਪੁਲਸ ਦੀ ਟੀਮ ਨੇ ਦੋਹਾਂ ਨੂੰ ਸ਼ੁੱਕਰਵਾਰ ਨੂੰ ਸੰਗਰੂਰ ਦੀ ਅਦਾਲਤ 'ਚ ਪੇਸ਼ ਕਰ ਦੇਣਾ ਸੀ।

PunjabKesari
ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਕੌਰ ਸਿੱਧੂ (ਜੱਸੀ) ਨਾਂ ਦੀ 25 ਸਾਲਾ ਕੁੜੀ ਆਪਣੇ ਪਰਿਵਾਰ ਨਾਲ ਕੈਨੇਡਾ ਤੋਂ ਪੰਜਾਬ ਘੁੰਮਣ ਆਈ ਸੀ। ਇੱਥੇ ਉਸ ਨੂੰ ਮਿੱਠੂ ਨਾਂ ਦੇ ਡਰਾਇਵਰ ਨਾਲ ਪਿਆਰ ਹੋ ਗਿਆ ਸੀ। ਉਨ੍ਹਾਂ ਦੋਹਾਂ ਨੇ ਪਰਿਵਾਰ ਤੋਂ ਚੋਰੀ ਵਿਆਹ ਕਰਵਾ ਲਿਆ ਸੀ, ਜਿਸ ਤੋਂ ਜੱਸੀ ਦਾ ਪਰਿਵਾਰ ਇੰਨਾ ਕੁ ਨਾਰਾਜ਼ ਹੋ ਗਿਆ ਕਿ ਉਨ੍ਹਾਂ ਨੇ ਪੈਸੇ ਦੇ ਕੇ ਆਪਣੀ ਹੀ ਧੀ ਦਾ ਕਤਲ ਕਰਵਾ ਦਿੱਤਾ। ਇਸ ਮਗਰੋਂ ਕਤਲ ਦੇ ਦੋਸ਼ 'ਚ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਉਸ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਇਨ੍ਹਾਂ ਦੀ ਹਵਾਲਗੀ ਲਈ ਭਾਰਤ ਤੋਂ ਪੁਲਸ ਕੈਨੇਡਾ ਗਈ ਸੀ ਪਰ ਕੈਨੇਡੀਅਨ ਅਦਾਲਤ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। 
ਸੁਪਰੀਮ ਕੋਰਟ ਨੇ ਐਲਾਨ ਕੀਤਾ ਕਿ ਉਹ ਹਵਾਲਗੀ ਮਾਮਲੇ ਦੀ ਨਜ਼ਰਸਾਨੀ ਕਰੇਗੀ ਕਿਉਂਕਿ ਭਾਰਤ 'ਚ ਕੁਝ ਫੇਸਬੁੱਕ ਪੋਸਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਛੇਤੀ ਸਜ਼ਾ ਸੁਣਾ ਦਿੱਤੀ ਜਾਵੇਗੀ।

PunjabKesari
ਉਂਝ ਹਵਾਲਗੀ ਸੰਧੀ ਤਹਿਤ ਭਾਰਤ ਸਰਕਾਰ ਨਿਰਪੱਖ ਮੁਕੱਦਮੇ ਦਾ ਭਰੋਸਾ ਦਿੰਦੀ ਹੈ ਪਰ ਫੇਸਬੁੱਕ ਪੋਸਟਾਂ 'ਚ ਦਾਅਵਾ ਇਸ ਦੇ ਉਲਟ ਕੀਤਾ ਜਾ ਰਿਹਾ ਹੈ। ਪੰਜਾਬ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਦੋਵੇਂ ਮੁਲਜ਼ਮਾਂ ਅਤੇ ਪੰਜਾਬ ਪੁਲਸ ਦੀ ਟੀਮ ਨੂੰ ਆਖਰੀ ਪਲਾਂ 'ਚ ਜਹਾਜ਼ ਤੋਂ ਉਤਾਰ ਲਿਆ। ਉਨ੍ਹਾਂ ਕੈਨੇਡਾ ਸਰਕਾਰ ਦੀ ਇਜਾਜ਼ਤ ਮਗਰੋਂ ਹੀ ਜਹਾਜ਼ ਫੜਿਆ ਸੀ।'' 
ਉਨ੍ਹਾਂ ਨੂੰ ਅਦਾਲਤ ਦੇ ਨਵੇਂ ਹੁਕਮਾਂ ਅਤੇ ਫੇਸਬੁੱਕ ਪੋਸਟਾਂ ਸੰਬੰਧੀ ਅਧੂਰੇ ਵੇਰਵੇ ਹਾਸਲ ਹੋਏ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਹਿਰਾਸਤ 'ਚ ਲੈ ਲਿਆ ਸੀ। ਉਹ ਆਪਣੀ ਟੀਮ ਅਤੇ ਕੈਨੇਡੀਅਨ ਪੁਲਸ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਦੋਵੇਂ ਮੁਲਕਾਂ ਵਿਚਕਾਰ ਸਮੇਂ ਦਾ ਫਰਕ ਹੋਣ ਕਰਕੇ ਸੰਪਰਕ ਬਣਾਉਣ 'ਚ ਦੇਰੀ ਹੋ ਰਹੀ ਹੈ।''


Related News