ਜਾਣੋ ਪੰਜਾਬ ਦੀਆਂ ਹੌਟ ਸੀਟਾਂ ਦਾ ਹਾਲ, ਕਿਹੜੇ ਸਿਆਸੀ ਦਿੱਗਜ਼ ਜਿੱਤੇ ਤੇ ਕਿਨ੍ਹਾਂ ਦੀ ਹੋਈ ਹਾਰ

03/11/2017 7:17:22 PM

ਜਲੰਧਰ : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੇ ਨਤੀਜੇ ਤਕਰੀਬਨ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਅਕਾਲੀ ਦਲ ਦਾ ਸੂਪੜਾ ਸਾਫ ਕਰਦੀ ਹੋਈ ਨਜ਼ਰ ਆ ਰਹੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੂਜੇ ਨੰਬਰ ''ਤੇ ਅਤੇ ਅਕਾਲੀ ਦਲ ਤੀਜੇ ਨੰਬਰ ''ਤੇ ਚੱਲ ਰਿਹਾ ਹੈ। ਇਨ੍ਹਾਂ ਨਤੀਜਿਆਂ ਦੌਰਾਨ ਪੰਜਾਬ ਦੀਆਂ ਹੌਟ ਸੀਟਾਂ ''ਤੇ ਕਿਨ੍ਹਾਂ ਦਿੱਗਜ਼ਾਂ ਦੀ ਜਿੱਤ ਅਤੇ ਕਿਨ੍ਹਾਂ ਦੀ ਹਾਰ ਹੋਈ ਹੈ, ਇਸ ਦਾ ਵੇਰਵਾ ਇਸ ਤਰ੍ਹਾਂ ਹੈ—
ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਜਿੱਤੇ (ਅਕਾਲੀ ਦਲ)
ਸਾਲ 1997 ਤੋਂ ਲੰਬੀ ਤੋਂ ਜਿੱਤਦੇ ਆ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਜਨਤਾ ਨੇ ਇਕ ਵਾਰ ਫਿਰ ਇਹ ਸੀਟ ਪਾ ਦਿੱਤੀ ਹੈ। ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਦੇ ਜਰਨੈਲ ਸਿੰਘ ਦੇ ਮੈਦਾਨ ''ਚ ਹੋਣ ਤੋਂ ਬਾਅਦ ਵੀ 20 ਹਜ਼ਾਰ ਵੋਟਾਂ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਜਿੱਤ ਹਾਸਲ ਕੀਤੀ ਹੈ। 
ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਜਿੱਤੇ (ਅਕਾਲੀ ਦਲ)
ਇਹ ਸੀਟ ਪੰਜਾਬ ਲਈ ਸਭ ਤੋਂ ਅਹਿਮ ਸੀਟ ਮੰਨੀ ਜਾਂਦੀ ਹੈ ਕਿਉਂਕਿ ਇਸ ਸੀਟ ''ਤੇ ਬਿਕਰਮ ਸਿੰਘ ਮਜੀਠੀਆ ''ਤੇ ਲਗਾਤਾਰ ਨਸ਼ਿਆਂ ਦਾ ਸਰਗਨਾ ਹੋਣ ਦੇ ਦੋਸ਼ ਲੱਗਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਅਤੇ ਆਪ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਜੀਠੀਆ ਨੂੰ ਜੇਲ ਭੇਜਣ ਦੀ ਗੱਲ ਕਹਿਣ ਵਾਲੇ ਆਪ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਉਨ੍ਹਾਂ ਤੋਂ ਹਾਰ ਗਏ ਹਨ।
ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਅੱਗੇ (ਅਕਾਲੀ ਦਲ)
ਸੁਖਬੀਰ ਸਿੰਘ ਬਾਦਲ ਇਸ ਸੀਟ ''ਤੇ ਆਮ ਆਦਮੀ ਪਾਰਟੀ ਦੇ ਉਮਦੀਵਾਰ ਭਗਵੰਤ ਮਾਨ ਤੋਂ ਅੱਗੇ ਚੱਲ ਰਹੇ ਹਨ। ਇਸ ਸੀਟ ''ਤੇ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਸੀ ਪਰ ਸੁਖਬੀਰ ਬਾਦਲ ਇਸ ਸੀਟ ''ਤੇ ਲੀਡ ਕਰ ਰਹੇ ਹਨ।
ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਜੇਤੂ (ਕਾਂਗਰਸ)
ਇਸ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਖਿਲਾਫ ਅਕਾਲੀ ਦਲ ਵਲੋਂ ਸਰੂਪ ਸਿੰਗਲਾ ਅਤੇ ਆਮ ਆਦਮੀ ਪਾਰਟੀ ਵਲੋਂ ਦੀਪਕ ਬਾਂਸਲ ਨੂੰ ਉਤਾਰਿਆ ਗਿਆ ਸੀ ਪਰ ਮਨਪ੍ਰੀਤ ਸਿੰਘ ਬਾਦਲ ਨੇ ਦੋਹਾਂ ਨੂੰ ਹਰਾ ਦਿੱਤਾ ਹੈ।
ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ (ਕਾਂਗਰਸ)
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਰਵਾਇਤੀ ਸੀਟ ਹੈ। ਅਕਾਲੀ ਦਲ ਨੇ ਜੋਗਿੰਦਰ ਜਸੰਵਤ ਸਿੰਘ ਨੂੰ ਇੱਥੋਂ ਟਿਕਟ ਮਿਲੀ ਸੀ। ਕੈਪਟਨ ਅਮਰਿੰਦਰ ਸਿੰਘ 1985 ''ਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ''ਚ ਮੰਤਰੀ ਰਹਿ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਇੱਥੋਂ ਡਾ. ਬਲਬੀਰ ਸਿੰਘ ਨੂੰ ਮੈਦਾਨ ''ਚ ਉਤਾਰਿਆ ਸੀ। ਇੱਥੋਂ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਜਿੱਤ ਪ੍ਰਾਪਤ ਕੀਤੀ ਹੈ।
ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਜਿੱਤੇ (ਕਾਂਗਰਸ)
ਇਸ ਸੀਟ ਤੋਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ 51630 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕਰ ਚੁੱਕੇ ਹਨ, ਜਦੋਂ ਕਿ ਭਾਜਪਾ ਦੇ ਰਾਜੇਸ਼ ਕੁਮਾਰ ਹਨੀ ਨੂੰ 15316 ਅਤੇ ਆਮ ਆਦਮੀ ਪਾਰਟੀ ਦੇ ਸਰਬਜੋਤ ਸਿੰਘ ਧੰਜਲ ਨੂੰ 11810 ਵੋਟਾਂ ਹਾਸਲ ਹੋਈਆਂ ਹਨ।
ਅਬੋਹਰ ਤੋਂ ਸੁਨੀਲ ਜਾਖੜ ਹਾਰੇ (ਕਾਂਗਰਸ)
ਅਬੋਹਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਭਾਜਪਾ ਦੇ ਅਰੁਣ ਨਾਰੰਗ ਨੇ ਹਰਾ ਦਿੱਤਾ ਹੈ। ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਅਤੁਲ ਨਾਗਪਾਲ ਨੂੰ ਖੜ੍ਹਾ ਕੀਤਾ ਸੀ। 
 

Babita Marhas

News Editor

Related News