ਪੰਜਾਬ ਸਰਕਾਰ ਦਾ ਅਹਿਮ ਫੈਸਲਾ, 1 ਨਵੰਬਰ ਤੋਂ ਪੰਜਾਬ ''ਚ ਬਿਜਲੀ ਹੋਵੇਗੀ ਮਹਿੰਗੀ

10/18/2017 7:04:49 PM

ਜਲੰਧਰ— ਪੰਜਾਬ ਸਰਕਾਰ ਨੇ ਬੀਤੇ ਦਿਨੀਂ ਜਿੱਥੇ ਸਨਅਤੀ ਯੂਨਿਟਾਂ ਨੂੰ 5 ਰੁਪਏ ਬਿਜਲੀ ਦੇਣ ਦਾ ਫੈਸਲਾ ਕੀਤਾ ਹੈ, ਉਥੇ ਹੀ ਇਸ ਫੈਸਲੇ ਦੇ ਇਕ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ 1 ਨਵੰਬਰ ਤੋਂ 2 ਫੀਸਦੀ ਬਿਜਲੀ ਮਹਿੰਗੀ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਫੈਸਲੇ ਬਾਰੇ ਮਿਊਂਸੀਪਲ ਕੌਂਸਲ, ਨਗਰ ਪੰਚਾਇਤ ਅਤੇ ਮਿਊਂਸੀਪਲ ਹੱਦ ਵਾਲਿਆਂ ਲਈ ਮਨਜ਼ੂਰੀ ਦਿੱਤੀ ਹੈ ਕਿ ਆਪਣੀ ਹੱਦ 'ਚ ਉਹ ਬਿਜਲੀ ਵੇਚਣ, ਵਰਤੋਂ ਕਰਨ ਵਾਲਿਆਂ ਤੋਂ 2 ਫ਼ੀਸਦੀ ਕਰ ਵਸੂਲ ਕਰ ਸਕਦੇ ਹਨ। ਇਹ ਰਕਮ ਬਿਜਲੀ ਬਿੱਲਾਂ 'ਚ ਹੀ ਲੱਗ ਕੇ ਆਉਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਬਿਜਲੀ ਦੀ ਵਰਤੋਂ, ਵੇਚਣ ਵਾਲਿਆਂ ਨੂੰ 2 ਫੀਸਦੀ ਦੇ ਕਰੀਬ ਬਿਜਲੀ ਦੇਣ 'ਤੇ ਟੈਕਸ ਦੀ ਅਦਾਇਗੀ ਕਰਵੀ ਹੋਵੇਗੀ, ਜਿਹੜੀ ਕਿ ਕਰੀਬ 12.30 ਪੈਸੇ ਯੂਨਿਟ ਦੇ ਕਰੀਬ ਹੋਵੇਗੀ।

ਤੁਹਾਨੂੰ ਦੱਸ ਦਈਏ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਬਿਜਲੀ ਬਿੱਲਾਂ 'ਚ ਲੱਗ ਕੇ ਆਉਂਦੀ 10 ਪੈਸੇ ਪ੍ਰਤੀ ਯੂਨਿਟ ਚੁੰਗੀ ਵਸੂਲਣ ਦਾ ਕੰਮ ਖਤਮ ਹੋ ਗਿਆ ਸੀ। ਚੁੰਗੀ ਵਸੂਲੀ ਖਤਮ ਹੋਣ ਤੋਂ ਬਾਅਦ ਕਈ ਕੌਂਸਲਾਂ ਕੋਲ ਆਮਦਨ ਦਾ ਇਕ ਸਰੋਤ ਬੰਦ ਹੋ ਗਿਆ ਸੀ, ਜਿਸ ਕਰਕੇ ਚੁੰਗੀ ਦੇ ਬਦਲ 'ਚ ਕੋਈ ਨਵਾਂ ਟੈਕਸ ਲਗਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਜਿਹੜੀ 12.30 ਫੀਸਦੀ ਦੇ ਕਰੀਬ ਬਿਜਲੀ ਉੱਪਰ ਟੈਕਸ ਵਸੂਲਾਂ ਦਾ ਅਧਿਕਾਰ ਨਿਗਮਾਂ ਕਮੇਟੀਆਂ ਨੂੰ ਦਿੱਤਾ ਹੈ, ਉਹ ਰਕਮ ਬਾਅਦ 'ਚ ਪਾਵਰਕਾਮ ਦੇ ਬਿੱਲਾਂ 'ਚ ਜਮ੍ਹਾ ਕਰਵਾਉਣੀ ਪਵੇਗੀ ਅਤੇ ਪਾਵਰਕਾਮ ਇਸ ਰਕਮ ਨੂੰ ਨਿਗਮਾਂ ਕਮੇਟੀਆਂ ਨੂੰ ਭੇਜੇਗਾ। ਇਸ ਤੋਂ ਪਹਿਲਾਂ ਬਿਜਲੀ ਦੇ ਬਿੱਲਾਂ 'ਚ 2 ਪੈਸੇ ਗਊ ਟੈਕਸ ਵੀ ਵਸੂਲ ਕੀਤਾ ਜਾ ਰਿਹਾ ਹੈ। ਬਿਜਲੀ ਉੱਪਰ 2 ਫੀਸਦੀ ਟੈਕਸ ਲਾਗੂ ਹੋਣ ਨਾਲ ਨਿਗਮਾਂ ਕਮੇਟੀਆਂ ਨੂੰ 300 ਕਰੋੜ ਤੋਂ ਜ਼ਿਆਦਾ ਰਕਮ ਮਿਲਣ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ ਪਾਵਰਕੌਮ ਤਾਂ ਹਾਲੇ ਹੋਰ ਵੀ ਬਿਜਲੀ ਮਹਿੰਗੀ ਕਰਨ ਦੀ ਤਾਕ ਵਿੱਚ ਹੈ।


Related News