ਕਈ ਪਿੰਡਾਂ 'ਚ ਕਿਸਾਨਾਂ ਨੇ ਪਰਾਲੀ ਨੂੰ ਲਾਈ ਅੱਗ

10/18/2017 2:45:47 AM

ਭੁੱਚੋ ਮੰਡੀ(ਨਾਗਪਾਲ)-ਚਾਰ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਵੱਲੋਂ ਪਰਾਲੀ ਸਾੜਨ 'ਤੇ ਲਾਈ ਗਈ ਪਾਬੰਦੀ ਦੇ ਵਿਰੋਧ 'ਚ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਦਾ ਇਕੱਠ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਪਰਾਲੀ ਨੂੰ ਅੱਗ ਲਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਨ੍ਹਾਂ ਆਗੂਆਂ ਵੱਲੋਂ ਪਿੰਡ ਭੁੱਚੋ ਕਲਾਂ ਤੇ ਸੇਮਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੇ ਪਿੰਡ ਭੁੱਚੋ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਭੁੱਚੋ ਖੁਰਦ ਦੀ ਅਗਵਾਈ 'ਚ ਪਰਾਲੀ ਨੂੰ ਅੱਗ ਲਾਈ ਗਈ। ਇਸ ਮੌਕੇ ਜ਼ਿਲਾ ਪ੍ਰਧਾਨ ਔਰਤ ਵਿੰਗ ਹਰਵਿੰਦਰ ਕੌਰ ਬਿੰਦੂ, ਬੀ. ਕੇ. ਯੂ. ਡਕੌਂਦਾ ਦੇ ਜ਼ਿਲਾ ਮੀਤ ਪ੍ਰਧਾਨ ਜਗਜੀਤ ਸਿੰਘ ਭੁੱਚੋ ਖੁਰਦ, ਚੰਦ ਸਿੰਘ ਬਲਾਕ ਮੀਤ ਪ੍ਰਧਾਨ, ਬੀ. ਕੇ. ਯੂ. ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਅਤੇ ਜਗਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪਰਾਲੀ ਨੂੰ ਅੱਗ ਲਗਾਉਣ ਦੀ ਇਜਾਜ਼ਤ ਦੇਵੇ ਜਾਂ ਫਿਰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇਵੇ। ਜੇਕਰ ਸਰਕਾਰ ਬੋਨਸ ਵੀ ਨਹੀਂ ਦੇ ਸਕਦੀ ਤਾਂ ਕਿਸਾਨਾਂ ਦੇ ਖੇਤਾਂ 'ਚੋਂ ਪਰਾਲੀ ਚੁੱਕਣ ਦੀ ਜ਼ਿੰਮੇਵਾਰੀ ਲਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਬੋਨਸ ਦੇਣ ਦੀ ਬਜਾਏ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਪਰਾਲੀ ਨਾ ਸਾੜੀ ਗਈ ਤਾਂ ਪਹਿਲਾਂ ਹੀ ਕਰਜ਼ਾਈ ਹੋਏ ਕਿਸਾਨਾਂ 'ਤੇ ਹੋਰ ਬੋਝ ਵਧੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਕਿਸਾਨ ਝੋਨੇ ਦੀ ਪਰਾਲੀ ਖੇਤਾਂ 'ਚ ਸਾੜਨ ਲਈ ਮਜਬੂਰ ਹਨ।


Related News