ਜੀ. ਐੱਸ. ਟੀ.ਪੰਜਾਬ ਦੇ ਕਿਸਾਨਾਂ ''ਤੇ ਪਵੇਗਾ 500 ਕਰੋੜ ਦਾ ਵਾਧੂ ਬੋਝ

06/27/2017 2:26:04 AM

ਬਠਿੰਡਾ(ਪਰਮਿੰਦਰ)-ਜੀ. ਐੱਸ. ਟੀ. (ਵਸਤੂ ਅਤੇ ਸੇਵਾ ਕਰ) ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ 'ਤੇ 500 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਖਾਦਾਂ ਅਤੇ ਕੀਟਨਾਸ਼ਕਾਂ 'ਤੇ ਟੈਕਸ ਦੀਆਂ ਵਧੀਆਂ ਹੋਈਆਂ ਦਰਾਂ ਲਾਗੂ ਹੋਣ ਨਾਲ ਖੇਤੀ ਲਾਗਤ 'ਚ ਭਾਰੀ ਵਾਧਾ ਹੋਵੇਗਾ। ਪੰਜਾਬ ਦੇ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਜਾਲ 'ਚ ਫਸ ਕੇ ਖੁਦਕੁਸ਼ੀਆਂ ਕਰ ਰਹੇ ਹਨ ਜਦੋਂ ਕਿ ਹੁਣ ਜੀ. ਐੱਸ. ਟੀ. ਦੇ ਲਾਗੂ ਹੋਣ ਨਾਲ ਉਸ ਨੂੰ ਫਸਲਾਂ 'ਤੇ ਜ਼ਿਆਦਾ ਖਰਚ ਕਰਨਾ ਪਵੇਗਾ। ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਖੇਤੀ ਲਾਗਤ ਘਟ ਕਰਨ ਦੀ ਮੰਗ ਕਰ ਰਹੀਆਂ ਹਨ ਜਦੋਂ ਕਿ ਸਰਕਾਰ ਖੇਤੀ ਲਾਗਤ ਹੋਰ ਵਧਾਉਣ ਜਾ ਰਹੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਜੀ.ਐੱਸ.ਟੀ. ਮਾਮਲੇ 'ਚ ਕਿਸਾਨਾਂ ਨੂੰ ਰਾਹਤ ਨਾ ਦਿੱਤੀ ਗਈ ਤਾਂ ਉਹ ਇਸ ਟੈਕਸ ਪ੍ਰਣਾਲੀ ਦੇ ਖਿਲਾਫ਼ ਦੇਸ਼ ਪੱਧਰੀ ਮੋਰਚਾ ਖੋਲ੍ਹਣ ਤੋਂ ਗੁਰੇਜ਼ ਨਹੀਂ ਕਰਨਗੇ।
ਡੀ. ਏ. ਪੀ. ਤੇ ਯੂਰੀਆ ਹੋਵੇਗਾ ਮਹਿੰਗਾ:
ਡੀ. ਏ. ਪੀ.'ਤੇ ਮੌਜੂਦਾ ਸਮੇਂ ਵਿਚ 4 ਤੋਂ 8 ਫੀਸਦੀ ਟੈਕਸ ਹੈ ਪਰ ਜੀ.ਐੱਸ.ਟੀ. 'ਚ ਇਹ ਟੈਕਸ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਅਜਿਹੇ 'ਚ ਡੀ. ਏ. ਪੀ. ਦਾ 1000-1100 ਰੁਪਏ ਵਿਚ ਮਿਲਣ ਵਾਲਾ ਥੈਲਾ ਹੁਣ 125 ਰੁਪਏ ਹੋਰ ਮਹਿੰਗਾ ਹੋ ਜਾਵੇਗਾ। ਇਸੇ ਤਰ੍ਹਾਂ ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੇ ਕੀਟਨਾਸ਼ਕਾਂ 'ਤੇ ਟੈਕਸ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਜੀ.ਐੱਸ.ਟੀ. ਲਾਗੂ ਕਰ ਦਿੱਤਾ ਹੈ, ਜਿਸ 'ਚ ਯੂਰੀਆ ਦੀ ਬੋਰੀ ਵੀ 35-40 ਰੁਪਏ ਮਹਿੰਗੀ ਹੋ ਜਾਵੇਗੀ।
ਕਰੋੜਾਂ ਦਾ ਵਾਧੂ ਬੋਝ ਝੱਲਣਗੇ ਕਿਸਾਨ:
ਜੀ.ਐੱਸ.ਟੀ. 1 ਜੁਲਾਈ ਤੋਂ ਦੇਸ਼ ਭਰ 'ਚ ਲਾਗੂ ਹੋਣ ਵਾਲਾ ਹੈ, ਜਿਸ ਨਾਲ ਸਿਰਫ ਪੰਜਾਬ ਦੇ ਕਿਸਾਨ ਹੀ ਕਰੋੜਾਂ ਰੁਪਏ ਦਾ ਬੋਝ ਝੱਲਣਗੇ। ਅੰਕੜਿਆਂ ਅਨੁਸਾਰ ਪੰਜਾਬ 'ਚ ਡੀ.ਏ.ਪੀ ਦੀ ਪ੍ਰਤੀ ਸਾਲ ਖਪਤ ਸਾਢੇ 7 ਲੱਖ ਟਨ, ਜਿਸ ਨਾਲ ਕਿਸਾਨਾਂ ਨੂੰ ਲਗਭਗ 200 ਕਰੋੜ ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ। ਇਸੇ ਤਰ੍ਹਾਂ ਪੰਜਾਬ ਦੇ ਕਿਸਾਨ ਹਰ ਸਾਲ 30 ਲੱਖ ਟਨ ਯੂਰੀਆ ਦੀ ਵਰਤੋਂ ਕਰਦੇ ਹਨ, ਜਿਸ ਨਾਲ ਉਨ੍ਹਾਂ 'ਤੇ ਕਰੀਬ 200 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਕੀਟਨਾਸ਼ਕਾਂ ਦੀ ਖਪਤ ਵੀ ਪੰਜਾਬ 'ਚ 5400 ਤੋਂ 5500 ਟਨ ਦੇ ਕਰੀਬ ਹੈ ਅਤੇ ਇਸ ਦੀ ਖਰੀਦ ਲਈ ਕਿਸਾਨਾਂ ਨੂੰ ਲਗਭਗ 100 ਕਰੋੜ ਰੁਪਏ ਵਾਧੂ ਦੇਣੇ ਪੈਣਗੇ। ਅਜਿਹੇ 'ਚ ਕਿਸਾਨਾਂ 'ਤੇ ਕਰੀਬ 500 ਕਰੋੜ ਰੁਪਏ ਦਾ ਬੋਝ ਪ੍ਰਤੀ ਸਾਲ ਪਵੇਗਾ। ਇਹ ਹੀ ਨਹੀਂ ਜੀ.ਐੱਸ.ਟੀ. ਦੇ ਤਹਿਤ ਜੇਕਰ ਕਿਸਾਨ ਆਪਣੀ ਜ਼ਮੀਨ 'ਤੇ ਖੁਦ ਖੇਤੀ ਨਹੀਂ ਕਰਦੇ ਤਾਂ ਉਸ 'ਚੋਂ ਹੋਣ ਵਾਲੀ ਆਮਦਨ 'ਤੇ ਵੀ ਉਨ੍ਹਾਂ ਨੂੰ ਜੀ.ਐੱਸ.ਟੀ.ਦੇਣਾ ਪਵੇਗਾ।


Related News